ਅਮਲੋਹ, 1 ਜਨਵਰੀ (ਕੇਵਲ ਸਿੰਘ)-ਭਾਰਤੀ ਉੱਚ ਸਿੱਖਿਆ ਲਈ ਇਹ ਇਕ ਮਾਣ ਵਾਲੀ ਗੱਲ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼, ਲੰਡਨ ਦੁਆਰਾ ਸਨਮਾਨਿਤ ਕੀਤਾ ਜਾਵੇਗਾ | ਜਿਸ ਦੌਰਾਨ ਮਈ 2026 ਵਿਚ ਯੂ.ਕੇ ਸੰਸਦ ਦੇ ਹਾਊਸ ਆਫ਼ ਲਾਰਡਜ਼ ਵਿਖੇ 10ਵੇਂ ਪੁਰਸਕਾਰ ਸਮਾਰੋਹ ਦੌਰਾਨ ਰਸਮੀ ਤੌਰ 'ਤੇ ਸਰਟੀਫਿਕੇਟ ਆਫ਼ ਐਕਸੀਲੈਂਸ ਪੇਸ਼ ਕੀਤਾ ਜਾਵੇਗਾ | ਇਹ ਸਨਮਾਨ ਡਾ. ਜ਼ੋਰਾ ਸਿੰਘ ਦੀਆਂ ਸ਼ਾਨਦਾਰ ਪ੍ਰਾਪਤੀਆਂ, ਦੂਰ-ਦਰਸ਼ੀ ਅਗਵਾਈ ਅਤੇ ਸਿੱਖਿਆ, ਸੰਸਥਾ-ਨਿਰਮਾਣ ਅਤੇ ਰਾਸ਼ਟਰ-ਨਿਰਮਾਣ ਵਿਚ ਜੀਵਨ ਭਰ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਜਾ ਰਿਹਾ ਹੈ | ਇਸ ਮੌਕੇ ਧੰਨਵਾਦ ਪ੍ਰਗਟ ਕਰਦੇ ਹੋਏ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਮੇਰਾ ਨਹੀਂ ਬਲਕਿ ਉਨ੍ਹਾਂ ਸਾਰੇ ਸਿੱਖਿਅਕਾਂ, ਵਿਦਿਆਰਥੀਆਂ ਅਤੇ ਸੰਸਥਾਵਾਂ ਦਾ ਹੈ | ਇਹ ਸਨਮਾਨ ਇਕੱਲੇ ਵਿਅਕਤੀ ਦੀ ਨਹੀਂ ਹੈ, ਸਗੋਂ ਮੁੱਲ-ਅਧਾਰਿਤ, ਸਮਾਵੇਸ਼ੀ ਅਤੇ ਵਿਸ਼ਵ ਪੱਧਰ 'ਤੇ ਸੰਬੰਧਿਤ ਸਿੱਖਿਆ ਰਾਹੀਂ ਸਮਾਜ ਨੂੰ ਸਸ਼ਕਤ ਬਣਾਉਣ ਦੇ ਵੱਡੇ ਮਿਸ਼ਨ ਦੀ ਹੈ | ਉਨ੍ਹਾਂ ਦੀ ਪ੍ਰੇਰਨਾਦਾਇਕ ਅਗਵਾਈ ਹੇਠ, ਦੇਸ਼ ਭਗਤ ਯੂਨੀਵਰਸਿਟੀ ਇਕ ਰਾਸ਼ਟਰੀ ਪੱਧਰ 'ਤੇ ਸਤਿਕਾਰਤ ਅਤੇ ਵਿਸ਼ਵ ਪੱਧਰ 'ਤੇ ਜੁੜੀ ਸੰਸਥਾ ਵਜੋਂ ਵਿਕਸਤ ਹੋਈ ਹੈ, ਜੋ ਅਕਾਦਮਿਕ ਉੱਤਮਤਾ, ਨਵੀਨਤਾ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧ ਹੈ | ਦੇਸ਼ ਭਗਤ ਯੂਨੀਵਰਸਿਟੀ ਦੇ ਸਮੂਹ ਪ੍ਰਬੰਧਨ, ਫੈਕਲਟੀ, ਸਟਾਫ਼, ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀਆਂ ਨੇ ਵੀ ਇਸ ਅੰਤਰਰਾਸ਼ਟਰੀ ਮਾਨਤਾ ਨੂੰ ਵੱਡਾ ਮਾਣ ਦੱਸਿਆ ਹੈ |