ਫ਼ਤਹਿਗੜ੍ਹ ਸਾਹਿਬ, 2 ਜਨਵਰੀ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਦੇ ਵਲੋਂ ਸੂਬੇ ਦੀਆਂ 44 ਹਜ਼ਾਰ ਕਿੱਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਸੜਕਾਂ ਦੇ ਕੰਮਾਂ ਵਿਚ ਜੇਕਰ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਸਾਹਮਣੇ ਆਈ ਤਾਂ ਉਕਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੂਬੇ ਦਾ 8500 ਕਰੋੜ ਰੁਪਏ ਤੋਂ ਵੱਧ ਪੈਸਾ ਰੋਕ ਕੇ ਰੱਖਿਆ ਹੋਇਆ ਸੀ, ਜਿਸ ਕਾਰਨ ਸੂਬੇ ਦੀਆਂ ਸੜਕਾਂ ਦੀ ਹਾਲਤ ਕਾਫ਼ੀ ਖਸਤਾ ਹੋ ਗਈ ਸੀ | ਜਿਸ ਤੇ ਪੰਜਾਬ ਸਰਕਾਰ ਵਲੋਂ ਨਵਾਂ ਫ਼ੰਡ ਰਿਲੀਜ਼ ਕਰਕੇ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਇਸ ਦੇ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੀਆਂ ਕਰੀਬ 90 ਫ਼ੀਸਦੀ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤੇ ਕੁਝ ਸੜਕਾਂ ਦਾ ਕੰਮ ਨਵੰਬਰ 2025 ਤੱਕ ਪੂਰਾ ਕਰ ਲਿਆ ਗਿਆ ਹੈ ਤੇ ਕੁਝ ਸੜਕਾਂ ਦਾ ਕੰਮ ਮੌਸਮ ਦੇ ਬਦਲਾਅ ਕਾਰਨ ਰੋਕ ਦਿੱਤਾ ਗਿਆ, ਰਹਿੰਦਾ ਕੰਮ ਵੀ ਫਰਵਰੀ ਦੇ ਅੰਤ ਵਿਚ ਸ਼ੁਰੂ ਕਰਵਾਇਆ ਜਾਵੇਗਾ | ਉਨ੍ਹਾਂ ਸੰਬੰਧਿਤ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਦੇ ਕੰਮ ਦੀ ਖ਼ੁਦ ਨਿਗਰਾਨੀ ਕਰਨ, ਜੇਕਰ ਕੋਈ ਠੇਕੇਦਾਰ ਮਾੜਾ ਮਟੀਰੀਅਲ ਵਰਤਦਾ ਹੈ ਜਾਂ ਸੜਕ ਦੇ ਵਿਚ ਕਿਸੇ ਤਰ੍ਹਾਂ ਦੀ ਕਮੀ ਨਜ਼ਰ ਆਉਂਦੀ ਹੈ ਤਾਂ ਕੰਮ ਨੂੰ ਤੁਰੰਤ ਰੁਕਵਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਇਕ ਦੋ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਸੰਬੰਧ ਵਿਚ ਉਨ੍ਹਾਂ ਦੁਆਰਾ ਸੰਬੰਧਿਤ ਵਿਭਾਗ ਨੂੰ ਲਿਖ ਕੇ ਦਿੱਤਾ ਗਿਆ ਹੈ ਤਾਂ ਜੋ ਮਾਮਲੇ ਦੀ ਜਾਂਚ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ |