ਫ਼ਤਹਿਗੜ੍ਹ ਸਾਹਿਬ, 2 ਜਨਵਰੀ (ਪੱਤਰ ਪ੍ਰੇਰਕ)-ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਬੀਬੀ ਪ੍ਰਕਾਸ਼ ਕੌਰ ਦੇ ਅਕਾਲ ਚਲਾਣੇ 'ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਅਜੀਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਜੁਝਾਰੂ ਟਰੱਸਟੀ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬਹਾਲੀ ਲਈ ਸਮਰਪਿਤ ਰਹੇ ਹਨ ਅਤੇ ਉਨ੍ਹਾਂ ਆਪਣੇ ਵਿਚਾਰਾਂ ਤੇ ਕਾਰਜਾਂ ਰਾਹੀਂ ਸੂਬੇ ਨੂੰ ਇਕ ਨਵੀਂ ਦਿਸ਼ਾ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਰਪਿਤ ਅਤੇ ਸਮਾਜ ਸੇਵਕ ਦਾ ਵਿਛੋੜਾ ਟਰੱਸਟ ਲਈ ਹੀ ਨਹੀਂ, ਸਗੋਂ ਸਮੂਹ ਪੰਜਾਬੀ ਸਮਾਜ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨ੍ਹਾਂ ਬੀਬੀ ਪ੍ਰਕਾਸ਼ ਕੌਰ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸਮਾਜਿਕ ਅਤੇ ਸੱਭਿਆਚਾਰਕ ਮੁੱਲਾਂ ਦੀ ਰੱਖਿਆ ਲਈ ਅੱਗੇ ਰਹੇ ਸਨ |