ਰਾਜਪੁਰਾ, 30 ਜਨਵਰੀ (ਰਣਜੀਤ ਸਿੰਘ)-ਪੰਜਾਬ ਦਿਆਂ ਸ਼ਹਿਰ ਅਤੇ ਪਿੰਡਾਂ ਵਿਚ ਵਰਤੀ ਜਾ ਰਹੀ ਚਾਈਨਾ ਡੋਰ ਨੇ ਦਰਜਨਾਂ ਘਰਾਂ ਦੇ ਚਿਰਾਗ਼ ਬੁੱਝਾ ਦਿਤੇ ਹਨ | ਪਤੰਗਬਾਜੀ ਦਾ ਸ਼ੋਕ ਪੂਰਾ ਕਰਨ ਵਾਲੀ ਚਾਇਨਾ ਡੋਰ ਮਨੁੱਖਾਂ ਅਤੇ ਪੰਛੀਆਂ ਲਈ ਕਾਤਲ ਡੋਰ ਬਣੀ ਪਈ ਹੈ, ਇਹ ਹੁਣ ਮਨੋਰੰਜਨ ਨਹੀ ਮੌਤ ਦਾ ਜਾਲ ਬਣੀ ਪਈ ਹੈ, ਪਰ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਹਾਲੇ ਵੀ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਨਾਮ ਨਹੀਂ ਲੈ ਰਿਹਾ | ਸ਼ਾਇਦ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਵਿਚ ਹੈ | ਜਾਣਕਾਰੀ ਮੁਤਾਬਿਕ ਪਤੰਗਬਾਜ਼ੀ ਦਾ ਸ਼ੋਕ ਭਾਵੇ ਖ਼ੁਸ਼ੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਕਦੇ ਪਤੰਗਾਂ ਦੇ ਪੇਚੇ ਲੜਾਏ ਜਾਂਦੇ ਸਨ ਪਰ ਜਿਸ ਦਿਨ ਦੀ ਚਾਈਨਾ ਡੋਰ ਬਣੀ ਹੈ ਇਸ ਨੇ ਦਰਜਨਾਂ ਹੀ ਘਰਾਂ ਵਿਚ ਖ਼ੁਸ਼ੀਆਂ ਦੀ ਬਜਾਏ ਸੱਥਰ ਵਿਛਾ ਦਿੱਤੇ ਹਨ | ਕਈ ਥਾਵਾਂ 'ਤੇ ਪਤੰਗਬਾਜ਼ੀ ਲਈ ਵਰਤੀ ਜਾਂਦੀ ਚਾਈਨਾ ਡੋਰ ਹੱਸਦੇ ਵਸਦੇ ਘਰਾਂ ਦੇ ਚਿਰਾਗ ਬੁਝਾ ਰਹੀ ਹੈ | ਇਹ ਡੋਰ ਇਕ ਤਰ੍ਹਾਂ ਨਾਲ ਸੜਕਾਂ 'ਤੇ ਚੱਲਦੇ ਰਾਹਗੀਰਾਂ ਅਤੇ ਆਸਮਾਨ 'ਤੇ ਉੱਡਦੇ ਪੰਛੀਆਂ ਲਈ ਇਕ ਤਰ੍ਹਾਂ ਦਾ ਖੂਨੀ ਜਾਲ ਬਣ ਚੁੱਕੀ ਹੈ | ਆਮ ਹੀ ਵੇਖਣ ਵਿਚ ਆਂਉਦਾ ਹੈ ਕਿ ਸ਼ਹਿਰ ਦੇ ਪਾਰਕਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ 'ਤੇ ਪਤੰਗਬਾਜੀ ਦਾ ਸ਼ੋਕ ਪੂਰਾ ਕਰਨ ਲਈ ਲੋਕੀ ਅਕਸਰ ਹੀ ਪਤੰਗ ਉਡਾਂਉਦੇ ਵਿਖਾਈ ਦੇ ਜਾਂਦੇ ਹਨ | ਭਾਵਾੇ ਉਨ੍ਹਾਂ ਵਿਚੋਂ ਸਾਰੇ ਤਾਂ ਨਹੀਂ ਪਰ ਕਈ ਉਹ ਹੁੰਦੇ ਹਨ ਜਿਹੜੇ ਕਿਵੇਂ ਨਾ ਕਿਵੇ ਚਾਈਨਾ ਡੋਰ ਜਿਸ ਨੁੂੰ ਖੂਨੀ ਡੋਰ ਵੀ ਕਿਹਾ ਜਾ ਸਕਦਾ ਹੈ ਉਹ ਪ੍ਰਾਪਤ ਕਰ ਲੈਂਦੇ ਹਨ | ਚਾਈਨਾ ਡੋਰ ਮਨੁੱਖਾਂ ਤੇ ਪੰਛੀਆਂ ਲਈ ਇਕ ਤਰ੍ਹਾਂ ਨਾਲ ਕਾਤਲ ਡੋਰ ਦਾ ਕੰਮ ਕਰਦੀ ਹੈ | ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਵਿਚ ਦਰਜਨਾਂ ਹੀ ਬੱਚੇ ਅਤੇ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ | ਕਈ ਮਾਸੂਮਾਂ ਦੇ ਗਲੇ ਵੱਢੇ ਗਏ ਹਨ ਅਤੇ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ | ਇਸ ਚਾਈਨਾਂ ਡੋਰ ਦਾ ਸ਼ਿਕਾਰ ਜਿਆਦਾਤਰ ਦੋ ਪਹੀਆਂ ਵਾਹਨ ਚਾਲਕ ਬਣਦੇ ਹਨ | ਇਸ ਡੋਰ ਵਿਚ ਹੁਣ ਤੱਕ ਅਨੇਕਾਂ ਹੀ ਭੋਲੇ ਭਾਲੇ ਪੰਛੀ ਫਸ ਕੇ ਆਪਣੀ ਜਾਨ ਦੇ ਗੁਆ ਚੁੱਕੇ ਹਨ ਅਤੇ ਜਾਂ ਉਹ ਇਸ ਹੱਦ ਤੱਕ ਗੰਭੀਰ ਜਖਮੀ ਹੋ ਜਾਂਦੇ ਹਨ ਜਾਂ ਉਨ੍ਹਾਂ ਦੇ ਖੰਭ ਕੁਤਰੇ ਜਾਂਦੇ ਹਨ ਤਾਂ ਉਹ ਉਡਣ ਦੇ ਕਾਬਲ ਨਹੀਂ ਰਹਿੰਦੇ | ਆਮ ਲੋਕਾਂ ਦੀ ਮੰਗ ਹੈ ਕਿ ਜਿਸ ਵੀ ਦੁਕਾਨਦਾਰ ਕੋਲ ਇਸ ਦਾ ਸਟਾਕ ਮਿਲਦਾ ਹੈ ਉਸ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ |ਲੋਕ ਤਾਂ ਇਹ ਵੀ ਮੰਗ ਕਰਦੇ ਹਨ ਕਿ ਸੰਬੰਧਤ ਦੁਕਾਨਦਾਰਾਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ | ਇਸ ਦੇ ਮਾੜੇ ਪ੍ਰਭਾਵਾਂ ਬਾਰੇ ਵਿਚ ਸਕੂਲਾਂ ਕਾਲਜਾਂ, ਅਤੇ ਹੋਰਨਾਂ ਥਾਵਾਂ 'ਤੇ ਜਾਗਰੂਕਤਾ ਕੈਂਪ ਲਾ ਕੇ ਇਸ ਦੇ ਮਾੜੇ ਅਸਰ ਬਾਰੇ ਵਿਚ ਦੱਸਿਆ ਜਾਵੇ |