ਸ਼ਹਿਰ 'ਚ ਤੇਜ਼ ਆਵਾਜ਼ ਵਾਲੀਆਂ ਬਾਈਕਾਂ ਤੇ ਮੋਡੀਫਾਇਡ ਕਾਰਾਂ ਦਾ ਵਧਦਾ ਕਹਿਰ
ਅਜੀਤ ਡੈਸਕ
26-02-2026
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਕਈ ਥਾਵਾਂ ਉਨ੍ਹਾਂ ਨੂੰ ਆਪਣੇ ਕੰਨ ਬੰਦ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ | ਰਾਤ ਸਮੇਂ ਇਹ ਵਾਹਨ ਰੇਸਾਂ ਅਤੇ ਸਟੰਟ ਕਰਦੇ ਨਜ਼ਰ ਆਉਂਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੀ ਵੱਧ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਕਈ ਨੌਜਵਾਨ ਨੰਬਰ ਪਲੇਟਾਂ ਨਾਲ ਛੇੜਛਾੜ ਕਰਕੇ ਜਾਂ ਬਿਨਾਂ ਹੈਲਮਟ ਦੇ ਵੀ ਦੌੜਦੇ ਨਜ਼ਰ ਆਉਂਦੇ ਹਨ, ਜੋ ਕਿ ਟ੍ਰੈਫ਼ਿਕ ਨਿਯਮਾਂ ਦੀ ਸਿੱਧੀ ਉਲੰਘਣਾ ਹੈ | ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਪੁਲਿਸ ਕੋਲੋਂ ਮੰਗ ਕੀਤੀ ਕਿ ਮੋਡੀਫਾਇਡ ਸਾਇਲੈਂਸਰ ਅਤੇ ਤੇਜ਼ ਆਵਾਜ਼ ਵਾਲੇ ਏਗਜ਼ੌਸਟ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਰਾਤ ਸਮੇਂ ਵਿਸ਼ੇਸ਼ ਨਾਕੇ ਲਗਾਏ ਜਾਣ, ਰੇਸ ਅਤੇ ਸਟੰਟ ਕਰਨ ਵਾਲਿਆਂ ਦੇ ਚਾਲਾਨ ਕੱਟੇ ਜਾਣ ਅਤੇ ਬਾਰ-ਬਾਰ ਨਿਯਮ ਤੋੜਨ ਵਾਲਿਆਂ ਦੇ ਵਾਹਨ ਜ਼ਬਤ ਕੀਤੇ ਜਾਣ | ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਅਵਾਜ਼-ਰਹਿਤ ਅਤੇ ਸੁਰੱਖਿਅਤ ਬਣਾਉਣ ਲਈ ਤੇਜ਼ ਆਵਾਜ਼ ਵਾਲੇ ਵਾਹਨਾਂ 'ਤੇ ਤੁਰੰਤ ਰੋਕ ਲਗਾਈ ਜਾਵੇ | ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਵਾਹਨਾਂ ਖ਼ਿਲਾਫ਼ ਪੁਲਿਸ ਵਲੋਂ ਸਮੇਂ-ਸਮੇਂ 'ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਸਪੈਸ਼ਲ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਟ੍ਰੈਫ਼ਿਕ ਵਿੰਗ ਅਤੇ ਲੋਕਲ ਪੁਲਿਸ ਦੀਆਂ ਸਾਂਝੀਆਂ ਟੀਮਾਂ ਰਾਤ ਸਮੇਂ ਖ਼ਾਸ ਮੁਹਿੰਮ ਚਲਾਉਣਗੀਆਂ, ਮੋਡੀਫਾਇਡ ਸਾਇਲੈਂਸਰ ਵਾਲੇ ਵਾਹਨਾਂ ਦੇ ਤੁਰੰਤ ਚਾਲਾਨ ਕੱਟੇ ਜਾਣਗੇ ਅਤੇ ਲੋੜ ਪੈਣ 'ਤੇ ਵਾਹਨ ਜ਼ਬਤ ਵੀ ਕੀਤੇ ਜਾਣਗੇ | ਜ਼ਿਲ੍ਹਾ ਪੁਲਿਸ ਮੁਖੀ ਨੇ ਨੌਜਵਾਨ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ, ਬਿਨਾਂ ਲੋੜ ਦੇ ਸ਼ੋਰ ਨਾ ਪੈਦਾ ਕਰਨ ਅਤੇ ਸੜਕਾਂ 'ਤੇ ਰੇਸਾਂ ਜਾਂ ਸਟੰਟ ਕਰਨ ਤੋਂ ਗੁਰੇਜ਼ ਕਰਨ | ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਕਾਨੂੰਨੀ ਅਤੇ ਸੁਰੱਖਿਅਤ ਤਰੀਕੇ ਨਾਲ ਵਾਹਨ ਚਲਾਉਣ ਲਈ ਪ੍ਰੇਰਿਤ ਕਰਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇੱਥੇ ਦੱਸਣਾ ਜਰੂਰੀ ਹੈ ਕਿ ਟ੍ਰੈਫ਼ਿਕ ਨਿਯਮਾਂ ਮੁਤਾਬਿਕ ਵਾਹਨ ਦੇ ਸਾਇਲੈਂਸਰ ਜਾਂ ਏਗਜ਼ੌਸਟ ਵਿਚ ਤਬਦੀਲੀ ਕਰਨਾ ਗੈਰਕਾਨੂੰਨੀ ਹੈ ਅਤੇ ਇਸ 'ਤੇ ਭਾਰੀ ਜੁਰਮਾਨਾ ਕੀਤਾ ਜਾ ਸਕਦਾ ਹੈ | ਮੋਟਰ ਵਹੀਕਲ ਐਕਟ ਅਧੀਨ ਉੱਚ ਅਵਾਜ਼ ਕਰਨ ਵਾਲੇ ਵਾਹਨਾਂ ਦਾ ਚਾਲਾਨ ਕੱਟਿਆ ਜਾਂਦਾ ਹੈ ਅਤੇ ਵਾਰ-ਵਾਰ ਉਲੰਘਣਾ ਕਰਨ 'ਤੇ ਵਾਹਨ ਜ਼ਬਤ ਵੀ ਕੀਤਾ ਜਾ ਸਕਦਾ ਹੈ | ਸ਼ਹਿਰੀ ਵਸਨੀਕਾਂ ਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ ਨਾਲ ਸ਼ਹਿਰ ਵਿਚ ਸ਼ੋਰ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ |