ਫ਼ਤਹਿਗੜ੍ਹ ਸਾਹਿਬ, 5 ਮਾਰਚ (ਬਲਜਿੰਦਰ ਸਿੰਘ)-ਥਾਣਾ ਫ਼ਤਹਿਗੜ੍ਹ ਸਾਹਿਬ ਅਤੇ ਚੌਂਕੀ ਸਰਹਿੰਦ ਮੰਡੀ ਦੀ ਪੁਲਿਸ ਵਲੋਂ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਅਤੇ ਹੁਲੜਬਾਜ਼ੀ ਕਰਨ ਵਾਲੇ 70 ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਮੌਕੇ ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਪੁਲਿਸ ਵਲੋਂ ਤਿੱਖੀ ਨਜ਼ਰ ਰੱਖੀ ਗਈ ਸੀ, ਜਿਸ ਦੇ ਤਹਿਤ ਦੋ ਪਹੀਆ ਵਾਹਨਾਂ 'ਤੇ ਸਵਾਰ ਤਿੰਨ-ਤਿੰਨ ਨੌਜਵਾਨਾਂ, ਹੈਲਮਟ ਨਾ ਪਾਉਣ, ਸਲੰਸਰਾਂ ਨਾਲ ਪਟਾਕੇ ਵਜਾਉਣ ਅਤੇ ਰਸਤੇ 'ਤੇ ਚੱਲਣ ਵਾਲੇ ਵਿਅਕਤੀਆਂ 'ਤੇ ਰੰਗ ਪਾਉਣ ਦੇ ਦੋਸ਼ਾਂ ਤਹਿਤ 70 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਸਾਰੇ ਤਿਉਹਾਰ ਸਾਂਝੇ ਤੌਰ 'ਤੇ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਨਾ ਕਿ ਹੁੱਲੜਬਾਜ਼ੀ ਕਰਕੇ | ਉਨ੍ਹਾਂ ਦੱਸਿਆ ਕਿ ਹੁੱਲੜਬਾਜ਼ਾਂ 'ਤੇ ਸ਼ਿਕੰਜਾ ਕੱਸਣ ਲਈ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਸਰਹਿੰਦ ਮੰਡੀ, ਫੁਆਰਾ ਚੌਂਕ, ਮੇਨ ਬਾਜ਼ਾਰ ਸਰਹਿੰਦ, ਜੋਤੀ ਸਰੂਪ ਮੋੜ ਅਤੇ ਸਿਟੀ ਸੈਂਟਰ, ਖੰਡਾ ਚੌਕ ਸਮੇਤ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਏ ਗਏ ਸਨ, ਜਿਸ ਦੌਰਾਨ ਉਕਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਇਸ ਮੌਕੇ ਪੁਲਿਸ ਚੌਂਕੀ ਸਰਹਿੰਦ ਮੰਡੀ ਦੇ ਇੰਚਾਰਜ ਸੰਜੀਵ ਕੁਮਾਰ, ਜਗਰੂਪ ਸਿੰਘ, ਰਣਜੋਧ ਸਿੰਘ, ਬਲਵਿੰਦਰ ਸਿੰਘ, ਲਛਮਣ ਸਿੰਘ (ਸਾਰੇ ਸਹਾਇਕ ਥਾਣੇਦਾਰ) ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਵੀ ਸਨ |