ਅਮਲੋਹ, 15 ਅਪ੍ਰੈਲ (ਅੰਮਿ੍ਤ ਸਿੰਘ ਸ਼ੇਰਗਿੱਲ)-ਮਾਰਕੀਟ ਕਮੇਟੀ ਅਮਲੋਹ ਦੇ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਅੰਕੜਿਆਂ ਅਨੁਸਾਰ, ਅੱਜ ਤੱਕ ਮਾਰਕੀਟ ਕਮੇਟੀ ਅਮਲੋਹ ਦੇ ਖੇਤਰ ਵਿਚ ਕੁੱਲ 2335 ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਮਾਰਕੀਟ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੰਡੀ ਵਿਚੋਂ ਖ਼ਰੀਦ ਕਰ ਰਹੀਆਂ ਸਰਕਾਰੀ ਏਜੰਸੀਆਂ ਜਿਨ੍ਹਾਂ ਵਿਚ ਪਨਗ੍ਰੇਨ, ਮਾਰਕਫੈੱਡ, ਪਨਸਪ ਅਤੇ ਵੇਅਰ ਹਾਊਸ ਸ਼ਾਮਿਲ ਹਨ ਵਲੋਂ ਅੱਜ ਸਵੇਰ ਤੱਕ ਕੁੱਲ 1911 ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਖ਼ਰੀਦ ਕੀਤੀ ਕਣਕ ਵਿਚੋਂ ਹੁਣ ਤੱਕ 370 ਟਨ ਕਣਕ ਦੀ ਲਿਫ਼ਟਿੰਗ ਮੁਕੰਮਲ ਹੋ ਚੁੱਕੀ ਹੈ, ਜੋ ਕਿ ਕੁੱਲ ਖ਼ਰੀਦ ਦਾ ਲਗਪਗ 19.36 ਫ਼ੀਸਦੀ ਬਣਦਾ ਹੈ, ਜਦਕਿ 1541 ਟਨ ਕਣਕ ਅਜੇ ਲਿਫ਼ਟਿੰਗ ਲਈ ਮੰਡੀਆਂ ਵਿਚ ਮੌਜੂਦ ਹੈ | ਮਾਰਕੀਟ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿਚ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਜਿਸ ਲਈ ਪੀਣ ਵਾਲੇ ਪਾਣੀ, ਬਿਜਲੀ ਅਤੇ ਬੈਠਣ ਲਈ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ | ਮੁੱਖ ਮੰਡੀ ਅਮਲੋਹ ਤੋਂ ਇਲਾਵਾ ਸਬ-ਸੈਂਟਰ ਬੁੱਗਾ ਕਲਾਂ, ਮਾਛਰਾਏ ਕਲਾਂ, ਪਹੇੜੀ, ਰਾਮਗੜ੍ਹ ਅਤੇ ਸਮੇਸ਼ਪੁਰ 'ਚ ਵੀ ਫ਼ਸਲ ਦੀ ਖ਼ਰੀਦ ਚੱਲ ਰਹੀ ਹੈ |