ਮੰਡੀ ਗੋਬਿੰਦਗੜ੍ਹ, 15 ਅਪ੍ਰੈਲ (ਰਾਜੇਸ਼ ਸ਼ਰਮਾ, ਇਕਬਾਲਦੀਪ ਸੰਧੂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਐਮ. ਅਮਲੋਹ ਚਰਨਜੋਤ ਸਿੰਘ ਵਾਲੀਆ ਨੇ ਅੱਜ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਸ਼ਾਸਕ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਕੌਂਸਲ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੱਤਵਪੂਰਨ ਮੀਟਿੰਗ ਕਰਕੇ ਸ਼ਹਿਰ ਦੇ ਚੱਲ ਰਹੇ ਅਤੇ ਲੰਬਿਤ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਵਾਲੀਆ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ | ਉਨ੍ਹਾਂ ਕਿਹਾ ਕਿ ਲੰਬਿਤ ਪਏ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾ | ਸਫ਼ਾਈ ਪ੍ਰਬੰਧ, ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਅਤੇ ਸਟਰੀਟ ਲਾਈਟਾਂ ਵਰਗੇ ਅਹਿਮ ਮੁੱਦਿਆਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਲੋਕਾਂ ਦੇ ਕੰਮਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਨਗਰ ਕੌਂਸਲ ਦਫ਼ਤਰ ਪਹੁੰਚਣ 'ਤੇ ਸਮੂਹ ਸਟਾਫ਼ ਅਤੇ ਨਗਰ ਕੌਂਸਲ ਯੂਨੀਅਨ ਵਲੋਂ ਵਾਲੀਆ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਕਾਰਜਸਾਧਕ ਅਫ਼ਸਰ ਈ.ਓ. ਚੇਤਨ ਸ਼ਰਮਾ, ਐਸ.ਈ. ਗੁਰਪ੍ਰਤਾਪ ਸਿੰਘ, ਜੇ.ਈ. ਗੌਰਵ ਧੀਰ, ਸੁਪਰਡੈਂਟ ਕਿਰਨਦੀਪ ਸਿੰਘ, ਸੁਪਰਡੈਂਟ ਬਲਵਿੰਦਰ ਸਿੰਘ ਅਤੇ ਸੁਪਰਡੈਂਟ ਸੈਨੀਟੇਸ਼ਨ ਵਿਭਾਗ ਦੇ ਅਫ਼ਸਰਾਂ ਸਮੇਤ ਹੋਰਨਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਿਕਾਂਤ ਵਰਮੀ ਵਿੱਕੀ ਨੇ ਭਰੋਸਾ ਦਿਵਾਇਆ ਕਿ ਸਮੂਹ ਕਰਮਚਾਰੀ ਸ਼ਹਿਰ ਦੇ ਵਿਕਾਸ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ | ਇਸ ਮੌਕੇ ਕੌਂਸਲ ਸਟਾਫ਼ ਦੇ ਮੈਂਬਰ ਪਵਿੱਤਰ ਮੋਹਨ, ਅਸ਼ਵਨੀ ਕੁਮਾਰ, ਦੀਪਕ ਕੁਮਾਰ, ਅਮਰਿੰਦਰ ਸਿੰਘ ਕੰਗ, ਹਰਸ਼ਿਤ ਵਧਾਵਨ, ਰਾਕੇਸ਼ ਕੁਮਾਰ, ਇਕਬਾਲ ਸਿੰਘ, ਬਲਕਾਰ ਸਿੰਘ, ਕਮਲ ਕੁਮਾਰ, ਸੰਦੀਪ ਕੁਮਾਰ, ਹਰਜੀਤ ਸਿੰਘ ਅਤੇ ਬਿੱਟੂ ਆਦਿ ਵੀ ਮੌਜੂਦ ਸਨ |