ਪਟਿਆਲਾ, 21 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਨੋਇਡਾ ਵਿਖੇ ਆਪਣੀਆਂ ਉਜਰਤਾਂ ਵਿਚ ਵਾਧਾ ਕਰਵਾਉਣ ਅਤੇ ਹੋਰ ਮੰਗਾਂ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਉੱਤੇ ਢਾਹੇ ਜਬਰ ਅਤੇ ਕੀਤੀਆਂ ਗਿਰਫ਼ਤਾਰੀਆਂ ਦੇ ਖ਼ਿਲਾਫ਼ ਪੰਜਾਬ ਦੀਆਂ ਟਰੇਡ ਯੂਨੀਅਨਾਂ ਵਲੋਂ ਦਿੱਤੇ ਸੱਦੇ ਤਹਿਤ ਅੱਜ ਸਥਾਨਕ ਪੁਰਾਣਾ ਬੱਸ ਅੱਡਾ ਚੌਂਕ ਵਿਖੇ ਏਟਕ, ਇਫਟੂ, ਸੀ.ਟੀ.ਯੂ, ਸੀਟੂ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਸਾਂਝੇ ਤੌਰ 'ਤੇ ਉੱਤਰ ਪ੍ਰਦੇਸ਼ ਦੀ ਯੋਗੀ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ | ਇਸ ਤੋਂ ਪਹਿਲਾਂ ਸਥਾਨਕ ਨਹਿਰੂ ਪਾਰਕ ਵਿਖੇ ਸੰਬੋਧਨ ਕਰਦਿਆਂ ਨਿਰਮਲ ਧਾਲੀਵਾਲ, ਹਰਦੀਪ ਟੋਡਰਪੁਰ, ਅਮਰਜੀਤ ਘਨੌਰ, ਤਰਸੇਮ ਸਿੰਘ ਰੋਹਟੀ, ਦਰਸ਼ਨ ਬੇਲੂਮਾਜਰਾ, ਸ਼੍ਰੀਨਾਥ ਆਦਿ ਨੇ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਲੋਂ ਲੰਮੇ ਸਮੇਂ ਤੋਂ ਘੱਟੋ-ਘੱਟ ਉਜ਼ਰਤਾਂ ਵਿਚ ਵਾਧਾ ਨਾ ਕਰਨ ਅਤੇ ਫੈਕਟਰੀ ਮਾਲਕਾਂ ਵਲੋਂ ਵੱਧ ਤਨਖਾਹ 'ਤੇ ਹਸਤਾਖਰ ਕਰਵਾ ਕੇ ਘੱਟ ਤਨਖਾਹ ਦਿੱਤੇ ਜਾਣ ਖ਼ਿਲਾਫ਼ ਨੋਇਡਾ ਵਿੱਚ ਉੱਠੇ ਵਿਸ਼ਾਲ ਮਜ਼ਦੂਰ ਰੋਹ ਨੂੰ ਸਰਕਾਰ ਦੁਆਰਾ ਪੁਲਸੀਆ ਦਮਨ ਰਾਹੀਂ ਦਬਾਉਣ ਦਾ ਯਤਨ ਕਰਨਾ ਅਤਿ ਨਿੰਦਣਯੋਗ ਹੈ | ਇਸ ਮੌਕੇ ਸੰਬੋਧਨ ਕਰਦਿਆਂ ਉੱਤਮ ਸਿੰਘ ਬਾਗੜੀ, ਪਰਮਿੰਦਰ ਸਿੰਘ, ਬਲਜਿੰਦਰ ਲੱਖੋਮਾਜਰਾ, ਗੁਰਜੀਤ ਘੱਗਾ, ਹਰੀ ਸਿੰਘ ਦੌਣਕਲਾਂ ਆਦਿ ਨੇ ਕਿਹਾ ਕਿ ਨੋਇਡਾ ਵਿੱਚ ਗਿ੍ਫਤਾਰ ਕੀਤੇ ਸਾਰੇ ਮਜ਼ਦੂਰਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ, ਪੂਰੇ ਦੇਸ਼ ਵਿਚ ਘੱਟ-ਘੱਟ ਉਜ਼ਰਤ 30000/- ਰੁਪਏ ਮਹੀਨਾ ਤੈਅ ਕਰਕੇ ਹਰ ਤਰ੍ਹਾਂ ਦੇ ਸਕੀਮ ਵਰਕਰਾਂ ਨੂੰ ਵੀ ਇਸ ਦੇ ਘੇਰੇ ਵਿਚ ਲਿਆਂਦਾ ਜਾਵੇ, ਅੱਠ ਘੰਟੇ ਦੀ ਡਿਊਟੀ ਤੋਂ ਵੱਧ ਲੱਗੇ ਓਵਰ ਟਾਈਮ ਦਾ ਦੁੱਗਣਾ ਮਿਹਨਤਾਨਾਂ ਦਿੱਤਾ ਜਾਵੇ ਅਤੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕੀਤੇ ਜਾਣ | ਇਸ ਮੌਕੇ ਸ਼ੈਰੀ ਚੌਪੜਾ, ਜਸਵਿੰਦਰ ਸਮਾਣਾ, ਜਸਵਿੰਦਰ ਸੌਜਾ, ਪਿੰਕੀ ਖਰਾਬਗੜ, ਧਰਮਵੀਰ ਹਰੀਗੜ੍ਹ, ਸੁਰਿੰਦਰ ਖਾਲਸਾ ਆਦਿ ਆਗੂ ਵੀ ਹਾਜ਼ਰ ਸਨ¢