ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਬਲਜਿੰਦਰ ਸਿੰਘ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸ਼ਰਮਾ ਨੇ ਰਾਖਵੇਂਕਰਨ ਦੇ ਮੁੱਦੇ 'ਤੇ ਭਾਜਪਾ ਦੀ ਨੀਅਤ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਭਾਜਪਾ ਸਿਰਫ਼ ਚੋਣ ਲਾਭ ਲਈ ਔਰਤਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ, ਜਦਕਿ ਹਕੀਕਤ ਵਿਚ ਉਹ ਮਹਿਲਾ ਸ਼ਕਤੀਕਰਨ ਪ੍ਰਤੀ ਗੰਭੀਰ ਨਹੀਂ ਹੈ | ਹਲਕਾ ਫ਼ਤਹਿਗੜ੍ਹ ਸਾਹਿਬ ਦੇ ਦੌਰੇ ਦੌਰਾਨ ਮਨਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਔਰਤਾਂ ਨੂੰ ਰਾਜਨੀਤੀ ਅਤੇ ਸਮਾਜ ਵਿਚ ਬਰਾਬਰ ਦਾ ਹੱਕ ਦੇਣ ਦੀ ਵਕਾਲਤ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ਦਾ ਢੰਡੋਰਾ ਤਾਂ ਪਿੱਟਿਆ, ਪਰ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਮਰਦਮਸ਼ੁਮਾਰੀ ਵਰਗੀਆਂ ਗੁੰਝਲਾਂ ਵਿਚ ਉਲਝਾ ਦਿੱਤਾ ਹੈ | ਇਹ ਦੇਸ਼ ਦੀਆਂ ਔਰਤਾਂ ਨਾਲ ਇਕ ਵੱਡਾ ਧੋਖਾ ਹੈ | ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕਾਂਗਰਸ ਨੇ ਪੰਚਾਇਤੀ ਰਾਜ ਸੰਸਥਾਵਾਂ ਵਿਚ ਰਾਖਵਾਂਕਰਨ ਬਿਨਾਂ ਦੇਰੀ ਲਾਗੂ ਕਰ ਦਿੱਤਾ ਸੀ, ਤਾਂ ਕੇਂਦਰ ਸਰਕਾਰ ਹੁਣ ਸ਼ਰਤਾਂ ਦੇ ਪਿੱਛੇ ਕਿਉਂ ਲੁਕ ਰਹੀ ਹੈ? ਮਨਜੀਤ ਸ਼ਰਮਾ ਨੇ ਪੰਜਾਬ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਵੇਲੇ ਹੀ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਪੰਚਾਇਤੀ ਰਾਜ ਚੋਣਾਂ ਵਿਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇ ਕੇ ਜ਼ਮੀਨੀ ਪੱਧਰ 'ਤੇ ਲੀਡਰਸ਼ਿਪ ਸੌਂਪੀ ਗਈ ਸੀ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੀ ਪੰਜਾਬ ਵਿਚ ਔਰਤਾਂ ਨੂੰ ਸ਼ਾਸਨ ਵਿਚ ਬਰਾਬਰ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਸਨ | ਪਰ ਕੇਂਦਰ ਸਰਕਾਰ ਮਹਿਲਾ ਰਾਖਵੇਂਕਰਨ ਬਿੱਲ ਦੀ ਆੜ ਹੇਠ ਦੇਸ਼ ਨਾਲ ਧੋਖਾ ਕਰਨ ਜਾ ਰਹੀ ਸੀ, ਜਿਸ ਨੂੰ ਵਿਰੋਧੀ ਧਿਰਾਂ ਦੀ ਇਕਜੁੱਟਤਾ ਨੇ ਨਾਕਾਮ ਕਰ ਦਿੱਤਾ ਹੈ ਅਤੇ ਹੁਣ ਭਾਜਪਾ ਵਲੋਂ ਲੋਕਾਂ ਦੀ ਕਚਹਿਰੀ ਵਿਚ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਲੋਕ ਭਾਜਪਾ ਦੀ ਮੰਦੀ ਮੰਨਸ਼ਾ ਤੋਂ ਭਲੀਭਾਂਤ ਜਾਣੂ ਹਨ | ਇਸ ਦੌਰੇ ਦੌਰਾਨ ਮਨਜੀਤ ਸ਼ਰਮਾ ਨੇ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਵੀ ਚਰਚਾ ਕੀਤੀ | ਇਸ ਮੌਕੇ 'ਤੇ ਰਣਜੀਤ ਸਿੰਘ ਤਰਖਾਣਮਾਜਰਾ ਸਾਬਕਾ ਚੇਅਰਮੈਨ ਸਮੇਤ ਹੋਰ ਆਗੂ ਵੀ ਹਾਜ਼ਰ ਸਨ |