ਮੰਡੀ ਗੋਬਿੰਦਗੜ੍ਹ, 22 ਅਪ੍ਰੈਲ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਆ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਸਾਫ਼ ਸੁਥਰੇ ਅਕਸ ਤੇ ਸ਼ਹਿਰ ਦੀ ਸੇਵਾ ਨੂੰ ਸਮਰਪਿਤ ਉਮੀਦਵਾਰ ਹੀ ਚੋਣ ਮੈਦਾਨ ਵਿਚ ਉਤਾਰੇ ਜਾਣਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀਆਂ ਜਿੱਤਾਂ ਦਰਜ ਕਰਕੇ ਸ਼ਹਿਰ ਵਾਸੀਆਂ ਦੀਆਂ ਆਸਾਂ ਅਤੇ ਉਮੀਦਾਂ ਤੇ ਖਰੇ ਉਤਰ ਸਕਣ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀ ਗੋਬਿੰਦਗੜ੍ਹ ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਲਈ ਬਣਾਈ ਗਈ 13 ਮੈਂਬਰੀ ਨਿਗਰਾਨ ਕਮੇਟੀ ਨਾਲ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਵਿਖੇ ਮੀਟਿੰਗ ਕਰਨ ਸਮੇਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਨਗਰ ਕੌਂਸਲ ਗੋਬਿੰਦਗੜ੍ਹ ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਹੈ, ਪਰ ਸ਼ਹਿਰ ਦੀ ਨੁਹਾਰ ਬਦਲਣ ਦੀ ਬਜਾਏ ਪਹਿਲਾਂ ਕਾਂਗਰਸ ਸਰਕਾਰ ਅਤੇ ਹੁਣ 'ਆਪ' ਸਰਕਾਰ ਵਲੋਂ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ ਗਿਆ, ਜਿਸ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਦੇਖਿਆ ਗਿਆ ਹੈ ਕਿ ਜਿੱਥੇ ਸੀਵਰੇਜ ਸਿਸਟਮ ਫ਼ੇਲ੍ਹ ਦਿਖਾਈ ਦਿੱਤਾ | ਉੱਥੇ ਸੀਵਰੇਜ ਦਾ ਗੰਦਾ ਪਾਣੀ, ਪੀਣ ਵਾਲੇ ਪਾਣੀ ਵਿਚ ਮਿਕਸ ਹੋ ਕੇ ਲੋਕਾਂ ਦੇ ਘਰਾਂ ਵਿਚ ਜਾ ਰਿਹਾ ਹੈ, ਜਿਸ ਨੂੰ ਪੀਣ ਨਾਲ ਸ਼ਹਿਰ ਵਾਸੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਨਗਰ ਕੌਂਸਲ ਵਿਚ ਕੰਮ ਕਾਰ ਲਈ ਸ਼ਹਿਰੀ ਜਾਂਦਾ ਹੈ ਤਾਂ ਉਨ੍ਹਾਂ ਨੂੰ ਕੰਮ ਲਈ ਟਾਲਮਟੋਲ ਕਰਕੇ ਵਾਪਸ ਭੇਜ ਦਿੱਤਾ ਜਾਂਦਾ ਹੈ | ਰਾਜੂ ਖੰਨਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ ਕਰਵਾਉਣ ਤਾਂ ਜੋ ਸ਼ਹਿਰ ਦੀ ਹਰ ਸਮੱਸਿਆ ਦਾ ਪੁਖ਼ਤਾ ਹੱਲ ਹੋ ਸਕੇ | ਇਸ ਮੀਟਿੰਗ ਵਿਚ ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਹਰਪਾਲ ਸਿੰਘ ਨਸਰਾਲੀ ਸਾਬਕਾ ਕੌਂਸਲ ਪ੍ਰਧਾਨ, ਜੋਗਿੰਦਰ ਸਿੰਘ ਮੈਣੀ ਸੂਬਾ ਮੀਤ ਪ੍ਰਧਾਨ, ਭਿੰਦਰ ਸਿੰਘ, ਪ੍ਰਧਾਨ ਇੰਡਸਟਰੀ ਵਿੰਗ ਭਾਰਤ ਭੂਸ਼ਨ ਟੋਨੀ, ਜਥੇ. ਜਰਨੈਲ ਸਿੰਘ ਮਾਜਰੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਨਾਜ਼ਰ ਸਿੰਘ ਸੰਤ ਨਗਰ, ਸੋਮਨਾਥ ਸਿੰਘ ਅਜਨਾਲੀ, ਬਿਕਰਮ ਸਿੰਘ ਬਿੱਕਾ, ਹਰਮੀਤ ਸਿੰਘ ਖ਼ਾਲਸਾ, ਕੁਲਵਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਨੋਨੀ, ਬਹਾਦਰ ਸਿੰਘ ਹੈਬਤਪੁਰ, ਰਾਜੇਸ਼ ਕੁਮਾਰ ਸ਼ਾਹੀ, ਨਸ਼ੀਬ ਸਿੰਘ, ਜਗਦੇਵ ਸਿੰਘ ਸੰਗਤਪੁਰਾ, ਰੌਸ਼ਨ ਸਿੰਘ, ਪ੍ਰਦੀਪ ਕੁਮਾਰ ਮਿੰਟੂ, ਹਰਜੀਤ ਸਿੰਘ ਸੋਨੂੰ, ਦਿਲਾਵਰ ਸਿੰਘ ਚੀਮਾ, ਲਾਲੀ ਭੰਗੂ, ਯਸ਼ ਵਰਮਾ, ਹਰਤੇਜਪਾਲ ਸਿੰਘ ਅੰਬੇਮਾਜਰਾ, ਸੋਹਣ ਸਿੰਘ ਪ੍ਰੇਮ ਨਗਰ, ਸਿਮਰਨਜੀਤ ਸਿੰਘ ਡਿਪਟੀ ਆਦਿ ਮੌਜੂਦ ਸਨ |