ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਦੀ ਅਧਿਆਪਕਾ ਡਾ. ਗਗਨਦੀਪ ਕੌਰ ਦੀ ਪੁਸਤਕ 'ਐਗਰੀਕਲਚਰ ਸੈਕਟਰ ਡਿਊਰਿੰਗ ਕੋਵਿਡ ਪੈਂਡੇਮਿਕ' ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਵਲੋਂ ਜਾਰੀ ਕੀਤੀ ਗਈ | ਇਸ ਪੁਸਤਕ ਵਿਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਖੇਤੀਬਾੜੀ ਖੇਤਰ 'ਤੇ ਪਏ ਪ੍ਰਭਾਵਾਂ ਅਤੇ ਉਸ ਸਮੇਂ ਦੌਰਾਨ ਬਣੀਆਂ ਨਵੀਆਂ ਨੀਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ | ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਡਾ. ਗਗਨਦੀਪ ਕੌਰ ਅਤੇ ਰਾਜਨੀਤੀ ਵਿਭਾਗ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣਮੱਤੀ ਸਫਲਤਾ ਕਾਲਜ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਪ੍ਰੇਰਣਾ ਦਾਇਕ ਸਾਬਤ ਹੋਵੇਗੀ | ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਨੇ ਵੀ ਡਾ. ਗਗਨਦੀਪ ਕੌਰ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਉਸਾਰੂ ਉਪਰਾਲੇ ਜਾਰੀ ਰੱਖਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵਿਭਾਗ ਦੇ ਡਾ. ਸ਼ਵੇਤਾ ਸਹਿਗਲ, ਡਾ. ਗੁਰਮੀਤ, ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਅਰਸ਼ਦੀਪ ਕੌਰ ਵੀ ਹਾਜ਼ਰ ਸਨ |