ਬਸੀ ਪਠਾਣਾਂ, 25 ਅਪ੍ਰੈਲ (ਪੱਤਰ ਪ੍ਰੇਰਕ)-ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਪ੍ਰਭਜੋਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਬਸੀ ਪਠਾਣਾਂ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਸਿਹਤ ਵਿਭਾਗ ਦੀ ਟੀਮ ਵਿਚ ਸ਼ਾਮਿਲ ਡਾ. ਸਰਬਜੀਤ ਸਿੰਘ, ਡਾ. ਭਵਨੀਤ ਕੌਰ, ਸਿਹਤ ਇੰਸਪੈਕਟਰ ਸਤਿਆਪਾਲ ਬੈਂਸ, ਬਲਪ੍ਰੀਤ ਕੌਰ ਲੈਬਾਰਟਰੀ ਟੈਕਨੀਸ਼ੀਅਨ, ਰਵਿੰਦਰ ਸਿੰਘ, ਬਲਜੀਤ ਸਿੰਘ, ਵਿਕਰਮ ਸਿੰਘ, ਜਗਵੀਰ ਸਿੰਘ ਆਦਿ ਨੇ ਲੋਕਾਂ ਨੂੰ ਦੱਸਿਆ ਕਿ ਮਲੇਰੀਆ ਬੁਖ਼ਾਰ ਆਮ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਇਸ ਬੁਖ਼ਾਰ ਦੇ ਲੱਛਣਾਂ ਵਿਚ ਕਾਂਬਾ ਲੱਗ ਕੇ ਤੇਜ਼ ਬੁਖ਼ਾਰ ਹੋਣਾ, ਸਿਰ ਦਰਦ ਹੋਣਾ, ਪਸੀਨਾ ਆਉਣਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ ਸ਼ਾਮਿਲ ਹਨ | ਟੀਮ ਨੇ ਘਰਾਂ ਵਿਚ ਜਾਂ ਆਲ਼ੇ ਦੁਆਲੇ ਪਾਣੀ ਖੜ੍ਹਾ ਨਾ ਰਹਿਣ ਦੇਣ, ਸਾਫ਼ ਸਫ਼ਾਈ, ਬਰਤਨ ਢੱਕ ਕੇ ਰੱਖਣ, ਮੱਛਰ ਦਾਨੀ ਤੇ ਮੱਛਰ ਭਜਾਓ ਕਰੀਮ ਦਾ ਇਸਤੇਮਾਲ ਕਰਨ ਅਤੇ ਸਰੀਰ ਢੱਕ ਕੇ ਰੱਖਣ ਦੀ ਹਦਾਇਤ ਕੀਤੀ | ਟੀਮ ਵਲੋਂ ਡੇਂਗੂ, ਚਿਕਨ ਗੁਨੀਆਂ ਬੁਖ਼ਾਰ, ਡਾਗ ਬਾਈਕ, ਹੀਟ ਵੇਵ, ਹੋਰ ਮੌਸਮੀ ਬਿਮਾਰੀਆਂ ਦੇ ਕਾਰਨ, ਬਚਾਅ ਤੇ ਇਲਾਜ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ |