ਮੰਡੀ ਗੋਬਿੰਦਗੜ੍ਹ, 25 ਅਪ੍ਰੈਲ (ਰਾਜੇਸ਼ ਸ਼ਰਮਾ)-ਗਊ ਸਨਮਾਨ ਆਵਾਹਨ ਅਭਿਆਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਵਿਪਨ ਕਾਂਸਲ ਅਤੇ ਅਮਲੋਹ ਤਹਿਸੀਲ ਦੇ ਪ੍ਰਧਾਨ, ਨਾਲ ਹੀ ਵੈਦਿਕ ਸਨਾਤਨ ਭਵਨ ਅਮਲੋਹ ਦੇ ਸੰਚਾਲਕ ਮਹੰਤ ਸ਼ਾਸਤਰੀ ਗੁਰੂਦੱਤਾ ਅਚਾਰੀਆ ਵਲੋਂ ਸਥਾਨਕ ਰਾਮ ਭਵਨ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿੱਤਾ ਜਾਵੇ | ਇਸ ਮੌਕੇ ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਰਜਿੰਦਰ ਭਾਂਬਰੀ, ਮੈਨੇਜਰ ਕਿ੍ਸ਼ਨ ਕਾਂਤ ਸਮੇਤ ਹੋਰ ਗਊ ਭਗਤ ਵੀ ਮੌਜੂਦ ਸਨ | ਉਨ੍ਹਾਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਗਊ ਹੱਤਿਆ ਦੇ ਮਾਮਲੇ ਵੱਧ ਰਹੇ ਹਨ, ਜਿਨ੍ਹਾਂ ਨੂੰ ਰੋਕਣ ਲਈ ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣਾ ਅਤਿ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਇਸ ਮਾਮਲੇ ਪ੍ਰਤੀ ਜਾਗਰੂਕ ਕਰਨ ਲਈ ਦੇਸ਼ ਭਰ ਵਿਚ 27 ਅਪ੍ਰੈਲ ਨੂੰ ਸਬ-ਡਵੀਜ਼ਨ ਹੈਡਕੁਆਰਟਰਾਂ 'ਤੇ ਗਊ ਭਗਤ ਇਕੱਠੇ ਹੋ ਕੇ ਐਸ.ਡੀ.ਐਮ. ਦਫ਼ਤਰਾਂ ਰਾਹੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ | ਇਸ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਰਾਹੀਂ ਵੀ ਮੰਗ ਪੱਤਰ ਭੇਜੇ ਜਾਣਗੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ 'ਤੇ ਕੋਈ ਕਾਰਵਾਈ ਨਾ ਹੋਈ ਤਾਂ ਦਿੱਲੀ ਵਿਚ ਸੁੰਦਰ ਕਾਂਡ ਅਤੇ ਹਨੂੰਮਾਨ ਚਾਲੀਸਾ ਦੇ ਪਾਠ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ | ਮਹੰਤ ਸ਼ਾਸਤਰੀ ਗੁਰੂਦੱਤਾ ਅਚਾਰੀਆ ਨੇ ਦੱਸਿਆ ਕਿ ਅਮਲੋਹ ਸਬ-ਡਵੀਜ਼ਨ ਵਿਚ ਘਰ-ਘਰ ਜਾ ਕੇ ਹਸਤਾਖ਼ਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਵੱਡਾ ਸਮਰਥਨ ਮਿਲ ਰਿਹਾ ਹੈ |