ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ (ਮਨਪ੍ਰੀਤ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਸਿਹਤ ਵਿਭਾਗ ਦੇ ਵੱਖ-ਵੱਖ ਮੁੱਦਿਆਂ ਅਤੇ ਪ੍ਰਾਪਤੀਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ. ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਪੀੜਿਤ ਵਿਅਕਤੀਆਂ ਦੀ ਨਸ਼ਾ ਛੱਡਣ ਵਿਚ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਮੁੜ ਵਸੇਬਾ ਕੇਂਦਰ ਵਿਚ ਦਾਖਲ ਵਿਅਕਤੀਆਂ ਨੂੰ ਕਰਵਾਏ ਜਾ ਰਹੇ ਕਿੱਤਾ ਮੁਖੀ ਕੋਰਸਾਂ ਵਿਚ ਹੋਰ ਵਾਧਾ ਕੀਤਾ ਜਾਵੇ | ਉਨ੍ਹਾਂ ਮੌਕੇ 'ਤੇ ਹੀ ਇੰਸਟਰਕਟਰ ਨੂੰ ਬੁਲਾ ਕੇ ਹਦਾਇਤ ਕੀਤੀ ਕਿ ਕੇਂਦਰ ਵਿਚ ਦਾਖਲ 20-20 ਵਿਅਕਤੀਆਂ ਦਾ ਗਰੁੱਪ ਬਣਾ ਕੇ ਉਨ੍ਹਾਂ ਨੂੰ ਕੈਂਡਲ ਮੇਕਿੰਗ, ਬਾਸਕਿਟ ਮੇਕਿੰਗ, ਚਾਰਟ ਮੇਕਿੰਗ, ਪਲੰਬਰ, ਇਲੈਕਟਰੀਸ਼ਨ ਅਤੇ ਹੋਰ ਕਿੱਤਾ ਮੁਖੀ ਕੋਰਸ ਕਰਵਾਏ ਜਾਣ ਤਾਂ ਕਿ ਉਹ ਜੀਵਨ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ | ਉਨ੍ਹਾਂ ਵੱਖ-ਵੱਖ ਸਿਹਤ ਪ੍ਰੋਗਰਾਮਾਂ 'ਤੇ ਚਰਚਾ ਕਰਦਿਆਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੂੰ ਕਿਹਾ ਕਿ ਵਿਭਾਗ ਵਲੋਂ ਨਿਰਧਾਰਿਤ ਟੀਚੇ ਸਮੇਂ ਸਿਰ ਪੂਰੇ ਕੀਤੇ ਜਾਣ, ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਸ਼ੁੱਧ ਤੇ ਮਿਆਰੀ ਵਸਤਾਂ ਉਪਲੱਬਧ ਕਰਾਉਣ ਲਈ ਹਲਵਾਈ ਦੀਆਂ ਦੁਕਾਨਾਂ, ਡੇਅਰੀਆਂ, ਢਾਬਿਆਂ, ਰੈਸਟੋਰੈਂਟਾਂ, ਮੈਰਿਜ ਪੈਲਸਾਂ ਆਦਿ 'ਤੇ ਫੂਡ ਸੈਂਪਲਿੰਗ ਵਧਾਈ ਜਾਵੇ | ਉਨ੍ਹਾਂ ਵੱਖ-ਵੱਖ ਹੋਰ ਪ੍ਰੋਗਰਾਮਾਂ ਜਿਵੇਂ ਸਰਕਾਰੀ ਸੰਸਥਾਵਾਂ ਵਿਚ ਜਣੇਪਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆ ਕਰਮ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ, ਹੋਮ ਡਿਲੀਵਰੀਆ, ਮਟਰਨਲ ਡੈਥ ਰਿਵਿਊ, ਨੈਸ਼ਨਲ ਪ੍ਰੋਗਰਾਮ ਫ਼ਾਰ ਨਾਨ ਕਮਿਊਨੀਕੇਬਲ ਡਿਜੀਬਜ, ਪੀ.ਸੀ.ਪੀ.ਐਨ.ਡੀ.ਟੀ., ਆਰ.ਬੀ.ਐਸ.ਕੇ. ਪ੍ਰੋਗਰਾਮ, ਡਰੱਗ ਡੀ ਅਡਿਕਸ਼ਨ, ਬਲਾਇੰਡਨੈਸ ਪ੍ਰੋਗਰਾਮ, ਮੁੱਖ ਮੰਤਰੀ ਸਿਹਤ ਯੋਜਨਾ, ਆਮ ਆਦਮੀ ਕਲੀਨਿਕ, ਕਾਇਆ ਕਲਪ, ਟੀਬੀ ਕੰਟਰੋਲ ਪ੍ਰੋਗਰਾਮ, ਵੈਕਟਰ ਬੋਰਨ ਤੇ ਵਾਟਰ ਡਿਜੀਜ ਕੰਟਰੋਲ ਪ੍ਰੋਗਰਾਮ ਆਦਿ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਦੀ ਵੀ ਸਮੀਖਿਆ ਕੀਤੀ | ਉਨ੍ਹਾਂ ਜ਼ਿਲੇ੍ਹ ਅੰਦਰ ਸਿਹਤ ਕੇਂਦਰਾਂ ਦੀਆਂ ਉਸਾਰੀ ਅਧੀਨ ਬਿਲਡਿੰਗ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਤੇ ਕਰਾਉਣ ਦੀ ਹਦਾਇਤ ਕੀਤੀ | ਉਨ੍ਹਾਂ ਜ਼ਿਲ੍ਹਾ ਹਸਪਤਾਲ ਅਤੇ ਰੀਹੈਬ ਸੈਂਟਰ ਦੇ ਸੀਵਰੇਜ ਦੀ ਸਫ਼ਾਈ ਸਬੰਧੀ ਵੀ ਸਬੰਧਿਤ ਵਿਭਾਗ ਨੂੰ ਕਿਹਾ | ਇਸ ਮੌਕੇ 'ਤੇ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ, ਡੀ.ਐਮ.ਸੀ. ਡਾ. ਸਰਿਤਾ, ਡੀ.ਡੀ.ਐਚ.ਓ. ਡਾ. ਪਾਰੁਲ ਗੁਪਤਾ, ਡੀ.ਪੀ.ਐਮ. ਡਾ. ਕਸੀਤਿਜ ਸੀਮਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ ਅਤੇ ਜਸਵਿੰਦਰ ਕੌਰ ਤੋਂ ਇਲਾਵਾ ਜ਼ਿਲੇ੍ਹ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ |