ਮੰਡੀ ਗੋਬਿੰਦਗੜ੍ਹ, 4 ਮਈ (ਇਕਬਾਲਦੀਪ ਸੰਧੂ)-ਪੱਛਮੀ ਬੰਗਾਲ ਸਮੇਤ ਤਿੰਨ ਰਾਜਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਜੋਸ਼ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਸਾਫ਼-ਸਾਫ਼ ਦੇਖਣ ਨੂੰ ਮਿਲਿਆ | ਭਾਜਪਾ ਦੇ ਸੂਬਾ ਸਕੱਤਰ ਤੇ ਅਮਲੋਹ ਹਲਕੇ ਦੇ ਕੋਆਰਡੀਨੇਟਰ ਕੰਵਰਵੀਰ ਸਿੰਘ ਟੌਹੜਾ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਜਸ਼ਨ ਮਨਾਇਆ | ਇਸ ਮੌਕੇ ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿ੍ੜ ਸੰਕਲਪ ਅਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀਆਂ ਦੂਰ-ਦਰਸ਼ੀ ਰਣਨੀਤੀਆਂ ਦਾ ਜਨਤਾ ਵੱਲੋਂ ਸਮਰਥਨ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਇਹ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਜਨਤਾ ਨੇ ਹੁਣ ਤੁਸ਼ਟੀਕਰਨ ਅਤੇ ਜ਼ੁਲਮ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ | ਟੌਹੜਾ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬੰਗਾਲ ਦੇ ਲੋਕ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਦੁੱਖ ਝੱਲ ਰਹੇ ਸਨ, ਜਿੱਥੇ ਔਰਤਾਂ ਇਕ ਮਹਿਲਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ | ਉਨ੍ਹਾਂ ਦਾਅਵਾ ਕੀਤਾ ਕਿ ਹੁਣ ਪੰਜਾਬ ਵਿਚ ਕਮਲ ਖਿੜੇਗਾ | ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬਕਾ ਸਾਥ, ਸਬਕਾ ਵਿਕਾਸ ਦੇ ਨਾਅਰੇ ਨਾਲ ਲੜੇਗੀ | ਪਾਰਟੀ ਦਾ ਮੁੱਖ ਏਜੰਡਾ ਪੰਜਾਬ ਦੇ ਕਿਸਾਨਾਂ ਨੂੰ ਅਮੀਰ ਬਣਾਉਣਾ, ਰੁਕੇ ਹੋਏ ਉਦਯੋਗ ਅਤੇ ਵਪਾਰ ਨੂੰ ਮੁੜ ਸੁਰਜੀਤ ਕਰਨਾ ਅਤੇ ਮੱਧ ਤੇ ਮਜ਼ਦੂਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੋਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਇਕ ਸੁਰੱਖਿਅਤ ਅਤੇ ਖ਼ੁਸ਼ਹਾਲ ਸੂਬਾ ਬਣਾਉਣ ਦੇ ਸੰਕਲਪ ਨਾਲ, ਭਾਜਪਾ ਆਉਣ ਵਾਲੀਆਂ ਚੋਣਾਂ ਵਿਚ ਇਤਿਹਾਸਕ ਬਹੁਮਤ ਪ੍ਰਾਪਤ ਕਰੇਗੀ | ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਰਵਿੰਦਰ ਪਦਮ, ਸਾਹਿਲ ਗਰਗ, ਰਾਕੇਸ਼ ਗੁਪਤਾ, ਰਾਜੇਸ਼ ਧਵਨ ਸਮੇਤ ਵੱਡੀ ਗਿਣਤੀ ਵਿਚ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਇਕ ਦੂਜੇ ਨੂੰ ਮਠਿਆਈਆਂ ਖੁਆ ਕੇ ਜਿੱਤ ਦੀ ਵਧਾਈ ਦਿੱਤੀ |