ਫ਼ਤਹਿਗੜ੍ਹ ਸਾਹਿਬ, 4 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਪਾਰਟੀ ਵਫ਼ਦ ਵਲੋਂ ਅੱਜ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਹਾਰ 'ਤੇ ਸਖ਼ਤ ਸਵਾਲ ਖੜ੍ਹੇ ਕੀਤੇ ਗਏ | ਉਨ੍ਹਾਂ ਕਿਹਾ ਕਿ 1 ਮਈ ਨੂੰ ਮਜ਼ਦੂਰ ਦਿਵਸ ਵਾਲੇ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਜੋ ਕੁਝ ਵਾਪਰਿਆ, ਉਹ ਸਿਰਫ਼ ਸ਼ਰਮਨਾਕ ਹੀ ਨਹੀਂ, ਸਗੋਂ ਪੰਜਾਬ ਦੇ ਲੋਕਤੰਤਰ 'ਤੇ ਕਾਲਾ ਦਾਗ਼ ਹੈ | ਉਨ੍ਹਾਂ ਕਿਹਾ ਕਿ ਹਾਊਸ ਵਿਚ ਜੋ ਕੁਝ ਵਾਪਰਿਆ ਉਸ ਘਟਨਾ ਨੇ ਸਾਰੀ ਦੁਨੀਆ ਵਿਚ ਪੰਜਾਬ ਦੀ ਬੇਇੱਜ਼ਤੀ ਕਰਵਾਈ ਹੈ | ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਤੱਕ ਇਹ ਵੀਡੀਓਜ਼ ਪਹੁੰਚ ਚੁੱਕੀਆਂ ਹਨ ਅਤੇ ਹਰ ਪਾਸੇ ਪੰਜਾਬ ਸਰਕਾਰ ਦੀ ਹਾਸੀ ਉਡਾਈ ਜਾ ਰਹੀ ਹੈ | ਇਹ ਕਿਸੇ ਵੀ ਕੀਮਤ 'ਤੇ ਬਰਦਾਸ਼ਤਯੋਗ ਨਹੀਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਵਿਹਾਰ ਉਨ੍ਹਾਂ ਦੇ ਅਹੁਦੇ ਦੀ ਗੰਭੀਰਤਾ ਦੇ ਖ਼ਿਲਾਫ਼ ਹੈ ਜੋ ਵਿਧਾਨ ਸਭਾ ਵਰਗੀ ਪਵਿੱਤਰ ਸੰਸਥਾ ਦੀ ਮਰਿਆਦਾ ਨੂੰ ਚਕਨਾਚੂਰ ਕਰਦਾ ਹੈ | ਉਨ੍ਹਾਂ ਸਪੀਕਰ ਵਲੋਂ ਤੁਰੰਤ ਅਲਕੋਹਲ ਟੈਸਟ ਨਾ ਕਰਵਾਉਣ 'ਤੇ ਵੀ ਸਖ਼ਤ ਨਾਰਾਜ਼ਗੀ ਜਿਤਾਈ ਅਤੇ ਇਸ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ | ਸ. ਨਾਗਰਾ ਅਤੇ ਰਾਮਗੜ੍ਹ ਨੇ ਗਵਰਨਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਮੁੱਖ ਮੰਤਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਇਸ ਮਾਮਲੇ 'ਤੇ ਚੁੱਪ ਰਹੀ ਤਾਂ ਕਾਂਗਰਸ ਪਾਰਟੀ ਸੜਕਾਂ 'ਤੇ ਉਤਰ ਕੇ ਵੱਡਾ ਸੰਘਰਸ਼ ਕਰੇਗੀ ਅਤੇ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਵਾਏਗੀ | ਇਸ ਮੌਕੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲ੍ਹਾ, ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ, ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ, ਬਲਾਕ ਪ੍ਰਧਾਨ ਅਮਲੋਹ ਜਗਬੀਰ ਸਿੰਘ ਸਲਾਣਾ, ਬਲਾਕ ਪ੍ਰਧਾਨ ਗੋਬਿੰਦਗੜ੍ਹ ਸੰਜੀਵ ਦੱਤਾ, ਅਮਨਦੀਪ ਸਿੰਘ ਢੋਲੇਵਾਲ, ਡਾ. ਨਰੇਸ਼ ਚੌਹਾਨ, ਹਰਪ੍ਰੀਤ ਸਿੰਘ ਸੋਨੀ, ਨਾਜਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪ੍ਰਧਾਨ ਸੇਵਾ ਦਲ ਗੁਰਚਰਨ ਸਿੰਘ ਚੰਨੀ, ਐਡਵੋਕੇਟ ਧਰਮਿੰਦਰ ਸਿੰਘ ਨਬੀਪੁਰ, ਵਿਸਾਖੀ ਰਾਮ ਸਾਬਕਾ ਕੌਂਸਲਰ, ਨੱਥੂ ਰਾਮ ਤੇ ਹਰਮਨਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਾਕ ਪ੍ਰਧਾਨ ਖੇੜਾ ਕਿਸਾਨ ਸੈੱਲ ਗੁਰਜੰਟ ਸਿੰਘ ਸਲੇਮਪੁਰ, ਸਾਬਕਾ ਸਰਪੰਚ ਇੰਦਰਜੀਤ ਸਿੰਘ ਬੀਬੀਪੁਰ, ਸਾਬਕਾ ਸਰਪੰਚ ਅਮਰੀਕ ਸਿੰਘ ਨਲੀਨਾ, ਸਾਬਕਾ ਸਰਪੰਚ ਮਲਕੀਤ ਸਿੰਘ, ਮਨਤੇਜ ਸਿੰਘ, ਮੇਵਾ ਸਿੰਘ ਧਨੌਲਾ, ਰਾਜੀਵ ਸ਼ਰਮਾ, ਸੰਤ ਰਾਮ ਤੇ ਹੋਰ ਆਗੂ ਹਾਜ਼ਰ ਸਨ |