ਮੰਡੀ ਗੋਬਿੰਦਗੜ੍ਹ, 11 ਮਈ (ਇਕਬਾਲਦੀਪ ਸੰਧੂ)-ਵੇਦ ਪ੍ਰਚਾਰ ਮੰਡਲ ਪੰਜਾਬ ਦੀ ਅਗਵਾਈ ਹੇਠ ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਪਿ੍ੰਸੀਪਲਾਂ ਤੇ ਅਧਿਆਪਕਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸੱਭਿਆਚਾਰਕ, ਨੈਤਿਕ ਤੇ ਮੁੱਲ-ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ | ਸਮਾਗਮ ਵਿਚ 29 ਸਕੂਲਾਂ ਦੇ ਪਿ੍ੰਸੀਪਲਾਂ ਅਤੇ ਅਧਿਆਪਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ | ਮੀਟਿੰਗ ਦੀ ਪ੍ਰਧਾਨਗੀ ਵੇਦ ਪ੍ਰਚਾਰ ਮੰਡਲ ਪੰਜਾਬ ਦੇ ਸੰਸਥਾਪਕ ਅਤੇ ਸੂਬਾ ਜਨਰਲ ਸਕੱਤਰ ਰੌਸ਼ਨ ਲਾਲ ਆਰੀਆ ਨੇ ਕੀਤੀ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਨੈਤਿਕ ਕਦਰਾਂ-ਕੀਮਤਾਂ ਅਤੇ ਚੰਗੇ ਚਰਿੱਤਰ ਦੀ ਵੀ ਲੋੜ ਹੈ | ਉਨ੍ਹਾਂ ਨੇ ਸਿੱਖਿਆ ਸੰਸਥਾਵਾਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਜਾਗਰੂਕਤਾ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੇ ਨਾਲ ਰਮਨ ਓਬਰਾਏ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ ਅਤੇ ਸਿੱਖਿਆ ਪ੍ਰਣਾਲੀ ਵਿਚ ਮੁੱਲ-ਅਧਾਰਤ ਗਤੀਵਿਧੀਆਂ ਨੂੰ ਜੋੜਨ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਮੀਟਿੰਗ ਦੌਰਾਨ ਆਉਣ ਵਾਲੇ ਭਾਸ਼ਣ ਮੁਕਾਬਲਿਆਂ ਅਤੇ ਹੋਰ ਮੁੱਲ-ਅਧਾਰਤ ਅੰਤਰ-ਸਕੂਲੀ ਮੁਕਾਬਲਿਆਂ ਬਾਰੇ ਵਿਸਤਰਿਤ ਚਰਚਾ ਕੀਤੀ ਗਈ | ਇਹ ਫ਼ੈਸਲਾ ਲਿਆ ਗਿਆ ਕਿ ਇਹ ਮੁਕਾਬਲੇ ਜੁਲਾਈ 2026 ਵਿਚ ਕਰਵਾਏ ਜਾਣਗੇ, ਇਨ੍ਹਾਂ ਗਤੀਵਿਧੀਆਂ ਦਾ ਮਕਸਦ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਸੰਚਾਰ ਕੌਸ਼ਲ ਅਤੇ ਸਕਾਰਾਤਮਿਕ ਸੋਚ ਨੂੰ ਵਿਕਸਿਤ ਕਰਨਾ ਹੈ | ਇਸ ਮੌਕੇ ਵੇਦ ਪ੍ਰਚਾਰ ਮੰਡਲ ਅਧੀਨ ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਨਵੀਂ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਵੀ ਕੀਤਾ ਗਿਆ | ਡਾ. ਨੀਨਾ ਸੇਠ ਪਜਨੀ, ਪਿ੍ੰਸੀਪਲ ਗੋਬਿੰਦਗੜ੍ਹ ਪਬਲਿਕ ਕਾਲਜ, ਨੂੰ ਮੰਡੀ ਗੋਬਿੰਦਗੜ੍ਹ ਤੇ ਖੰਨਾ ਖੇਤਰ ਦਾ ਪ੍ਰਧਾਨ ਅਤੇ ਡਾ. ਪਵਨ ਕੁਮਾਰ ਨੂੰ ਸੀਨੀਅਰ ਉਪ ਪ੍ਰਧਾਨ, ਉਪ ਪ੍ਰਧਾਨਾਂ ਵਜੋਂ ਡਾ. ਨੀਰੂ ਅਰੋੜਾ, ਸੰਜੀਵ ਥੋਰ, ਅਰਚਨਾ ਗੁਪਤਾ ਤੇ ਨੀਰਜ ਅਤੇ ਰਿਤੂ ਸਿੰਘ ਨੂੰ ਸਕੱਤਰ ਬਣਾਇਆ ਗਿਆ, ਜਦਕਿ ਰਵਿੰਦਰ ਕੌਰ, ਡਾ. ਆਰ.ਕੇ. ਸ਼ਰਮਾ, ਰਜਨੀ ਵਰਮਾ ਅਤੇ ਰਿਤੂ ਸੂਦ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਕਾਰਜਕਾਰੀ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ | ਸਮਾਗਮ ਦੌਰਾਨ ਰੌਸ਼ਨ ਲਾਲ ਆਰੀਆ ਅਤੇ ਰਮਨ ਓਬਰਾਏ ਵਲੋਂ ਸਾਰੇ ਨਵੇਂ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ |