ਅਮਲੋਹ, 11 ਮਈ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਮੁਲਾਜ਼ਮ ਵਰਗ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਸਰਕਾਰ ਨੇ ਇਕੱਲੇ ਮੁਲਾਜ਼ਮਾਂ ਨਾਲ ਹੀ ਵਾਅਦਾ ਖ਼ਿਲਾਫ਼ੀ ਨਹੀਂ ਕੀਤੀ, ਸਗੋਂ ਹਰ ਵਰਗ ਦੇ ਹੱਕਾਂ ਤੇ ਡਾਕਾ ਮਾਰਕੇ ਆਪਣੀਆਂ ਜੇਬਾਂ ਨੂੰ ਭਰਨ ਲਈ ਤਰਜੀਹ ਦਿੱਤੀ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਨਗਰ ਕੌਂਸਲ ਅਮਲੋਹ ਦੇ ਸਫ਼ਾਈ ਸੇਵਕਾਂ ਵਲੋਂ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਵਿਚ ਹੱਕੀ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਵਿਚ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸ਼ਮੂਲੀਅਤ ਕਰਨ ਸਮੇਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਨਗਰ ਕੌਂਸਲ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਸੀ | ਪਰ ਕਾਂਗਰਸ ਸਰਕਾਰ ਨੇ ਇਸ ਨੋਟੀਫ਼ਿਕੇਸ਼ਨ ਨੂੰ ਰੱਦ ਕਰ ਦਿੱਤਾ ਸੀ | ਜਿਸ ਕਾਰਨ ਅੱਜ ਤੱਕ ਇਹ ਸਫ਼ਾਈ ਸੇਵਕ ਸੰਘਰਸ਼ ਲਈ ਮਜਬੂਰ ਹਨ | ਰਾਜੂ ਖੰਨਾ ਨੇ ਕਿਹਾ ਕਿ ਜਿੱਥੇ ਸਫ਼ਾਈ ਸੇਵਕਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਚਾਹੀਦੀ ਹੈ | ਉੱਥੇ ਘੱਟੋ ਘੱਟ 30 ਹਜ਼ਾਰ ਰੁਪਏ ਉਜਰਤ ਵਾਧਾ ਕਰਨਾ ਚਾਹੀਦਾ ਹੈ | ਰਾਜੂ ਖੰਨਾ ਨੇ ਸਫ਼ਾਈ ਸੇਵਕਾਂ ਦੇ ਇਸ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਭਰਪੂਰ ਸਮਰਥਨ ਦਿੰਦੇ ਹੋਏ ਇਸ ਸੰਘਰਸ਼ ਲਈ ਹਰ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਵੀ ਦਿੱਤਾ | ਇਸ ਧਰਨੇ ਨੂੰ ਕਰਮਜੀਤ ਸਿੰਘ ਭਗੜਾਣਾ, ਰਾਕੇਸ਼ ਕੁਮਾਰ ਸ਼ਾਹੀ, ਬਲਤੇਜ ਸਿੰਘ ਅਮਲੋਹ ਨੇ ਸੰਬੋਧਨ ਕੀਤਾ | ਇਸ ਧਰਨੇ ਵਿਚ ਕੁਲਦੀਪ ਸਿੰਘ ਮਛਰਾਈ, ਹਰਬੰਸ ਸਿੰਘ ਬਡਾਲੀ, ਕਮਲਜੀਤ ਸਿੰਘ ਗਿੱਲ, ਗੁਰਦੀਪ ਸਿੰਘ ਬੱਬੀ, ਨੰਬਰਦਾਰ ਪਰਮਿੰਦਰ ਸਿੰਘ ਨੀਟਾ ਸੰਧੂ, ਰੇਸ਼ਮ ਸਿੰਘ ਵਿਰਕ, ਸ਼ਰਧਾ ਸਿੰਘ ਛੰਨਾ, ਅੰਗਰੇਜ਼ ਸਿੰਘ ਲਾਡਪੁਰ, ਗੁਰਕੀਰਤ ਸਿੰਘ ਪਨਾਗ, ਪਰਮਜੀਤ ਮੇਟ, ਦੀਪਕ ਕੁਮਾਰ, ਕਰਮਜੀਤ ਸਿੰਘ, ਵਿਕਰਮ ਚੌਹਾਨ, ਵਰਿੰਦਰ ਸਿੰਘ, ਬਲਜਿੰਦਰ ਸਿੰਘ, ਵਿੱਕੀ ਗਿੱਲ, ਅਰਮਾਨ, ਨਰੇਸ਼ ਕੁਮਾਰ, ਮਨਪ੍ਰੀਤ ਕੌਰ, ਮੰਨੂੰ ਰਾਣੀ, ਮਾਇਆ ਦੇਵੀ, ਕੇਵਲ ਅਮਲੋਹ, ਯੋਗੇਸ਼ ਬੈਂਸ, ਰਾਜਪਾਲ, ਸਤਨਾਮ ਸਿੰਘ, ਸੁਖਚੈਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਮੌਜੂਦ ਸਨ |