ਫ਼ਤਹਿਗੜ੍ਹ ਸਾਹਿਬ, 11 ਮਈ (ਬਲਜਿੰੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵਲੋਂ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਵਿਖੇ ਪੰਜ ਰੋਜ਼ਾ ਵਰਕਸ਼ਾਪ ਵਿਦਿਆਰਥੀਆਂ ਦੇ ਪੜ੍ਹਾਈ ਅਤੇ ਨਿੱਜੀ ਵਿਕਾਸ ਲਈ ਕਾਊਾਸਲਿੰਗ ਸਫਲਤਾਪੂਰਵਕ ਆਯੋਜਿਤ ਕੀਤੀ ਗਈ | ਇਹ ਵਰਕਸ਼ਾਪ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਲੋਂ ਆਪਣੇ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਲਗਾਈ ਗਈ, ਜਿਸ ਦਾ ਉਦੇਸ਼ ਗਾਈਡੈਂਸ ਅਤੇ ਕਾਊਾਸਲਿੰਗ ਨਾਲ ਜੁੜੇ ਗਿਆਨ ਨੂੰ ਸਕੂਲੀ ਅਮਲੀ ਤਜਰਬਿਆਂ ਨਾਲ ਜੋੜਨਾ ਸੀ | ਵਿਭਾਗ ਮੁਖੀ ਤੇ ਵਰਕਸ਼ਾਪ ਕੋਆਰਡੀਨੇਟਰ ਡਾ. ਹਰਨੀਤ ਬਿਲਿੰਗ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀਆਂ ਪੜ੍ਹਾਈ, ਮਨੋਵਿਗਿਆਨਕ ਅਤੇ ਕਿੱਤਾ ਚੋਣ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝਣ ਤੇ ਭਵਿੱਖ ਦੇ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨਿਖਾਰਨ 'ਤੇ ਖ਼ਾਸ ਧਿਆਨ ਦਿੱਤਾ ਗਿਆ | ਦਸ ਬੈਠਕਾਂ ਵਿਚ ਚੱਲੀ ਇਸ ਵਰਕਸ਼ਾਪ ਦੌਰਾਨ ਸਵੈ-ਜਾਣ-ਪਛਾਣ, ਸਿੱਖਣ ਦੀਆਂ ਵਿਧੀਆਂ, ਪੜ੍ਹਾਈ ਦੇ ਹੁਨਰ, ਭਵਿੱਖੀ ਕਿੱਤੇ ਲਈ ਸਲਾਹ, ਆਤਮ-ਵਿਸ਼ਵਾਸ ਵਧਾਉਣਾ, ਨਿਸ਼ਾਨੇ ਤੈਅ ਕਰਨਾ ਅਤੇ ਆਪਣੀਆਂ ਤਾਕਤਾਂ, ਕਮਜ਼ੋਰੀਆਂ, ਮੌਕਿਆਂ ਤੇ ਚੁਣੌਤੀਆਂ ਦੀ ਪਛਾਣ ਕਰਕੇ ਭਵਿੱਖੀ ਯੋਜਨਾਬੰਦੀ ਵਰਗੇ ਅਹਿਮ ਵਿਸ਼ਿਆਂ 'ਤੇ ਗੱਲਬਾਤ ਕੀਤੀ ਗਈ | ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਗਰੁੱਪ ਚਰਚਾਵਾਂ, ਅਮਲੀ ਗਤੀਵਿਧੀਆਂ, ਚਿੰਤਨ ਅਭਿਆਸਾਂ, ਕਵਿਜ਼ ਅਤੇ ਯੋਜਨਾਬੰਦੀ ਕਾਰਜਾਂ ਰਾਹੀਂ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਧਿਆਪਕ ਸਿੱਖਿਆ ਵਿਚ ਅਮਲੀ ਸਿਖਲਾਈ ਬਹੁਤ ਅਹਿਮ ਭੂਮਿਕਾ ਅਦਾ ਕਰਦੀ ਹੈ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਕ ਚੰਗੇ ਅਧਿਆਪਕ ਲਈ ਵਿਸ਼ੇ ਦਾ ਗਿਆਨ ਤੋਂ ਇਲਾਵਾ ਮਨੋਵਿਗਿਆਨਕ ਸਮਝ, ਮਾਰਗਦਰਸ਼ਨ ਦੀ ਯੋਗਤਾ ਅਤੇ ਵਿਦਿਆਰਥੀਆਂ ਦੀਆਂ ਵੱਖ-ਵੱਖ ਲੋੜਾਂ ਨੂੰ ਸਮਝਣ ਦੀ ਸਮਰੱਥਾ ਵੀ ਬੇਹੱਦ ਲਾਜ਼ਮੀ ਹੈ |