ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12 ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿਚ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਸਰਹਿੰਦ ਮੰਡੀ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਜਿਸ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਗਰੁੱਪਾਂ ਵਿਚ ਅਹਿਮ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਜਾਣਕਾਰੀ ਮੁਤਾਬਿਕ ਕਮਰਸ ਦੀਆਂ ਕੁੱਲ 26 ਵਿਦਿਆਰਥਣਾਂ 'ਚੋਂ 2 ਕੁੜੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਜਿਨ੍ਹਾਂ ਵਿਚ ਖੁਸ਼ਪ੍ਰੀਤ ਕੌਰ ਨੇ 90.4 ਫ਼ੀਸਦੀ ਅੰਕਾਂ ਨਾਲ ਪਹਿਲਾ, ਆਂਚਲ ਨੇ 90 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਖੁਸ਼ਬੂ ਵਰਮਾ ਨੇ 87 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਕਿਹਾ ਕਿ ਇਹ ਵਿਦਿਆਰਥਣਾਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਨਤੀਜਾ ਹੈ | ਇਸ ਦੌਰਾਨ ਸਿੱਖਿਆ ਕੋਆਰਡੀਨੇਟਰ ਨੌਰੰਗ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਸ਼ਾਨਦਾਰ ਅੰਕ ਪ੍ਰਾਪਤ ਕਰਨਾ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਪ੍ਰਤੀਕ ਹੈ | ਉਨ੍ਹਾਂ ਨੇ ਵਿਦਿਆਰਥਣਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸੌ ਫ਼ੀਸਦੀ ਨਤੀਜੇ ਲਈ ਵਧਾਈ ਦਿੱਤੀ | ਇਸ ਮੌਕੇ 'ਤੇ ਪਿ੍ੰਸੀਪਲ ਰਵਿੰਦਰ ਕੁਮਾਰ, ਕਮਰਸ ਲੈਕਚਰਾਰ ਸੁਖਦੀਪ ਕੌਰ ਸਟੇਟ ਅਵਾਰਡੀ, ਰਿਟਾ. ਲੈਕਚਰਾਰ ਤੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ | ਇਸ ਸ਼ਾਨਦਾਰ ਪ੍ਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਨੇ ਪਿ੍ੰਸੀਪਲ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ, ਜਦਕਿ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਨੇ ਵੀ ਇਸ ਪ੍ਰਾਪਤੀ ਲਈ ਪਿ੍ੰਸੀਪਲ ਰਵਿੰਦਰ ਕੁਮਾਰ ਨੂੰ ਮੁਬਾਰਕਬਾਦ ਦਿੱਤੀ |