16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਧੂਰੇ ਪ੍ਰੋਜੈਕਟਾਂ ਦੇ ਫੀਤੇ ਕੱਟ ਕੇ ਵਾਹ-ਵਾਹ ਲੈਣ ਦੀ ਕੋਸ਼ਿਸ਼.....?

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮੰਡੀ ਗੋਬਿੰਦਗੜ੍ਹ, 21 ਮਈ (ਰਾਜੇਸ਼ ਸ਼ਰਮਾ)-ਬੇਸ਼ੱਕ ਨਗਰ ਕੌਂਸਲ ਦਾ ਪਿਛਲੇ ਪੰਜ ਸਾਲਾਂ ਦਾ ਕਾਰਜਕਾਲ ਹੁਣ ਸਮਾਪਤ ਹੋ ਚੁੱਕਾ ਹੈ ਅਤੇ ਨਵੇਂ ਹਾਊਸ ਦੀ ਚੋਣ ਲਈ 26 ਮਈ ਨੂੰ ਵੋਟਿੰਗ ਹੋਣ ਜਾ ਰਹੀ ਹੈ, ਪਰ ਇਸ ਦੌਰਾਨ ਸ਼ਹਿਰ ਦੇ ਕਈ ਅਹਿਮ ਅਤੇ ਚਰਚਿਤ ਵਿਕਾਸ ਪ੍ਰੋਜੈਕਟ ਅਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਸਕੇ | ਹੈਰਾਨੀ ਦੀ ਗੱਲ ਇਹ ਰਹੀ ਕਿ ਜਿਨ੍ਹਾਂ ਪ੍ਰੋਜੈਕਟਾਂ ਨੂੰ ਸ਼ਹਿਰ ਦੇ ਵਿਕਾਸ ਦੀਆਂ ਵੱਡੀਆਂ ਉਪਲੱਬਧੀਆਂ ਵਜੋਂ ਪ੍ਰਚਾਰਿਤ ਕੀਤਾ ਗਿਆ, ਉਹ ਪ੍ਰੋਜੈਕਟ ਹੀ ਸਮੇਂ ਸਿਰ ਪੂਰੇ ਨਾ ਹੋ ਸਕੇ | ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਹਾਊਸ ਦਾ ਕਾਰਜਕਾਲ ਖ਼ਤਮ ਹੁੰਦਾ ਦੇਖ ਕਈ ਅਧੂਰੇ ਪ੍ਰੋਜੈਕਟਾਂ ਦਾ ਵੀ ਜਲਦਬਾਜ਼ੀ ਵਿਚ ਉਦਘਾਟਨ ਕਰਨਾ ਪਿਆ, ਜਿਸ ਕਾਰਨ ਹੁਣ ਇਨ੍ਹਾਂ ਪ੍ਰੋਜੈਕਟਾਂ ਦੀ ਕਾਰਗੁਜ਼ਾਰੀ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ |
ਆਧੁਨਿਕ ਅਤੇ ਅੰਤਰਰਾਸ਼ਟਰੀ ਮਿਆਰਾਂ ਵਾਲੀ 10 ਮੀਟਰ ਏਅਰ ਪਿਸਟਲ/ਰਾਈਫ਼ਲ ਸ਼ੂਟਿੰਗ ਰੇਂਜ ਮੁੱਖ ਪ੍ਰੋਜੈਕਟ-
ਇਨ੍ਹਾਂ ਪ੍ਰੋਜੈਕਟਾਂ ਵਿਚ ਸਭ ਤੋਂ ਵੱਧ ਚਰਚਾ ਪਿਛਲੇ ਕਾਰਜਕਾਲ ਦੌਰਾਨ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਦੇ ਭਾਣਜੇ ਅਤੇ ਉਲੰਪਿਕ ਸੋਨ ਤਗਮਾ ਜੇਤੂ ਅਰਜੁਨ ਚੀਮਾ ਦੇ ਨਾਮ 'ਤੇ ਬਣਾਈ ਜਾ ਰਹੀ ਆਧੁਨਿਕ ਅਤੇ ਅੰਤਰਰਾਸ਼ਟਰੀ ਮਿਆਰਾਂ ਵਾਲੀ 10 ਮੀਟਰ ਏਅਰ ਪਿਸਟਲ/ਰਾਈਫ਼ਲ ਸ਼ੂਟਿੰਗ ਰੇਂਜ ਦੀ ਰਹੀ | ਇਸ ਪ੍ਰੋਜੈਕਟ ਨੂੰ ਸ਼ਹਿਰ ਲਈ ਮਾਣ ਵਾਲੀ ਵੱਡੀ ਉਪਲੱਬਧੀ ਵਜੋਂ ਪੇਸ਼ ਕੀਤਾ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਨੌਜਵਾਨ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣ ਲਈ ਇਕ ਵੱਡਾ ਮੰਚ ਮੁਹੱਈਆ ਕਰਵਾਏਗੀ | ਪਰ ਜ਼ਮੀਨੀ ਹਕੀਕਤ ਇਸ ਤੋਂ ਕਾਫ਼ੀ ਵੱਖਰੀ ਨਜ਼ਰ ਆਈ | ਉਦਘਾਟਨ ਸਮੇਂ ਵੀ ਸ਼ੂਟਿੰਗ ਰੇਂਜ ਦੇ ਕਈ ਅਹਿਮ ਕੰਮ ਅਧੂਰੇ ਪਏ ਹੋਏ ਸਨ ਅਤੇ ਪ੍ਰੋਜੈਕਟ ਪੂਰੀ ਤਰ੍ਹਾਂ ਤਿਆਰ ਨਹੀਂ ਸੀ | ਇਸ ਦੇ ਬਾਵਜੂਦ ਹਾਊਸ ਦਾ ਕਾਰਜਕਾਲ ਖ਼ਤਮ ਹੁੰਦਾ ਦੇਖ ਇਸ ਦਾ ਜਲਦਬਾਜ਼ੀ ਵਿਚ ਉਦਘਾਟਨ ਕਰ ਦਿੱਤਾ ਗਿਆ |
ਕੌਂਸਲ ਦਾ ਮੁੱਖ ਗੇਟ ਵੀ ਬਣਿਆ ਨਾਕਾਮੀ ਦੀ ਮਿਸਾਲ
ਸ਼ਹਿਰ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਨਗਰ ਕੌਂਸਲ ਆਪਣਾ ਹੀ ਮੁੱਖ ਗੇਟ ਪੰਜ ਸਾਲਾਂ ਦੇ ਪੂਰੇ ਕਾਰਜਕਾਲ ਦੌਰਾਨ ਸਮੇਂ ਸਿਰ ਮੁਕੰਮਲ ਨਹੀਂ ਕਰਵਾ ਸਕੀ | ਹੈਰਾਨੀ ਦੀ ਗੱਲ ਇਹ ਰਹੀ ਕਿ ਜਿਸ ਗੇਟ ਨੂੰ ਕੌਂਸਲ ਦੀ ਪਹਿਚਾਣ ਅਤੇ ਸ਼ਹਿਰ ਦੀ ਸ਼ਾਨ ਵਜੋਂ ਪੇਸ਼ ਕੀਤਾ ਜਾਣਾ ਸੀ, ਉਹੀ ਲੰਬੇ ਸਮੇਂ ਤੱਕ ਅਧੂਰਾ ਪਿਆ ਰਿਹਾ ਅਤੇ ਲੋਕਾਂ ਵਿਚ ਚਰਚਾ ਤੇ ਤਨਜ਼ ਦਾ ਵਿਸ਼ਾ ਬਣ ਗਿਆ | ਸ਼ਹਿਰ ਵਾਸੀਆਂ ਵਿਚ ਇਹ ਗੱਲ ਲਗਾਤਾਰ ਚਰਚਾ ਵਿਚ ਰਹੀ ਕਿ ਜੋ ਕੌਂਸਲ ਆਪਣੇ ਦਫ਼ਤਰ ਦਾ ਮੁੱਖ ਗੇਟ ਹੀ ਨਿਰਧਾਰਿਤ ਸਮੇਂ ਵਿਚ ਤਿਆਰ ਨਹੀਂ ਕਰਵਾ ਸਕੀ, ਉਹ ਸ਼ਹਿਰ ਦੇ ਵੱਡੇ ਵਿਕਾਸ ਪ੍ਰੋਜੈਕਟਾਂ ਅਤੇ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਿਵੇਂ ਕਰ ਸਕਦੀ ਸੀ |
ਇਕ ਹੀ ਠੇਕੇਦਾਰ ਕੋਲ ਸੀ ਦੋਵੇਂ ਪ੍ਰੋਜੈਕਟਾਂ ਦਾ ਕੰਮ......
ਖ਼ਾਸ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਹ ਦੋਵੇਂ ਪ੍ਰੋਜੈਕਟ ਪਹਿਲਾਂ ਇਕੋ ਹੀ ਠੇਕੇਦਾਰ ਕੋਲ ਸਨ, ਪਰ ਲੰਬੇ ਸਮੇਂ ਤੱਕ ਕੰਮ ਪੂਰਾ ਨਾ ਹੋਣ ਅਤੇ ਪ੍ਰੋਜੈਕਟਾਂ ਦੀ ਰਫ਼ਤਾਰ ਸੁਸਤ ਰਹਿਣ ਕਾਰਨ ਬਾਅਦ ਵਿਚ ਇਹ ਕੰਮ ਕਿਸੇ ਹੋਰ ਠੇਕੇਦਾਰ ਨੂੰ ਦੇਣੇ ਪਏ | ਇਸ ਮਾਮਲੇ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਿਖ਼ਰ ਸ਼ੁਰੂ ਵਿਚ ਦਿੱਤੇ ਗਏ ਠੇਕਿਆਂ ਦੀ ਨਿਗਰਾਨੀ ਕਿੰਨੀ ਪ੍ਰਭਾਵਸ਼ਾਲੀ ਸੀ ਅਤੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ | ਲੋਕਾਂ ਵਿਚ ਇਹ ਚਰਚਾ ਵੀ ਹੈ ਕਿ ਜੇ ਕੰਮ ਦੀ ਨਿਰੰਤਰ ਮਾਨੀਟਰਿੰਗ ਹੁੰਦੀ ਤਾਂ ਸ਼ਾਇਦ ਪ੍ਰੋਜੈਕਟ ਇੰਨਾ ਲੰਮਾ ਨਾ ਲਟਕਦੇ | ਨਗਰ ਕੌਂਸਲ ਚੋਣਾਂ ਵਿਚ ਵਿਰੋਧੀ ਧਿਰ ਨੇ ਵੀ ਇਸ ਮਾਮਲੇ ਨੂੰ ਲੈ ਕੇ ਕੌਂਸਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ | ਵਿਰੋਧੀਆਂ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਵਿਕਾਸ ਤੋਂ ਵੱਧ ਧਿਆਨ ਸਿਰਫ਼ ਉਦਘਾਟਨਾਂ ਅਤੇ ਪ੍ਰਚਾਰ 'ਤੇ ਦਿੱਤਾ ਗਿਆ | ਉਨ੍ਹਾਂ ਦਾ ਦੋਸ਼ ਹੈ ਕਿ ਚੋਣਾਂ ਨੇੜੇ ਆਉਂਦਿਆਂ ਦੇਖ ਅਧੂਰੇ ਪ੍ਰੋਜੈਕਟਾਂ ਦੇ ਫੀਤੇ ਕੱਟ ਕੇ ਲੋਕਾਂ ਵਿਚ ਵਿਕਾਸ ਦਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਸ਼ਹਿਰ ਵਾਸੀਆਂ ਵਿਚ ਵੀ ਇਹ ਚਰਚਾ ਤੇਜ਼ ਹੈ ਕਿ ਜੇ ਪ੍ਰੋਜੈਕਟ ਪੂਰੇ ਹੀ ਨਹੀਂ ਹੋਏ ਤਾਂ ਫਿਰ ਉਨ੍ਹਾਂ ਦੇ ਉਦਘਾਟਨ ਦੀ ਇੰਨੀ ਜਲਦਬਾਜ਼ੀ ਕਿਉਂ ਸੀ | ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਅਸਲ ਵਿਕਾਸ ਦੀ ਲੋੜ ਹੈ, ਨਾ ਕਿ ਅਧੂਰੇ ਕੰਮਾਂ ਦੇ ਰਾਜਨੀਤਿਕ ਦਿਖਾਵੇ ਦੀ | ਹੁਣ ਨਗਰ ਕੌਂਸਲ ਚੋਣਾਂ ਵਿਚ ਇਹ ਮੁੱਦੇ ਸਿਆਸੀ ਤੌਰ 'ਤੇ ਕਾਫ਼ੀ ਗਰਮਾਏ ਰਹਿ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ-ਨੰਬਰਦਾਰਾ ਯੂਨੀਅਨ ਖਮਾਣੋਂ ਅਗਲੀ ਖ਼ਬਰ ਗ੍ਰੀਨ ਫ਼ੀਲਡਜ਼ ਸਕੂਲ ਸਰਹਿੰਦ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ
Ad Position 24