ਖਮਾਣੋਂ, 21 ਮਈ (ਜੋਗਿੰਦਰ ਪਾਲ)-ਖਮਾਣੋਂ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਮਨੈਲਾ ਦੀ ਪ੍ਰਧਾਨਗੀ 'ਚ ਰੱਖੀ ਮੀਟਿੰਗ ਦੌਰਾਨ ਨੰਬਰਦਾਰੀ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨ ਮਨੈਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ 'ਚ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ ਤਾਂ ਜੋ ਲੋਕਤੰਤਰ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕੇ | ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਯੂਰੀਏ ਦੀ ਆ ਰਹੀ ਕਿੱਲਤ ਨੂੰ ਦੂਰ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਇਲਾਕੇ ਅੰਦਰ ਬਣ ਰਹੀਆਂ ਜਾਂ ਅਧੂਰੀਆਂ ਪਈਆਂ ਸੜਕਾਂ ਨੂੰ ਤੁਰੰਤ ਨੇਪਰੇ ਚਾੜਿ੍ਹਆ ਜਾਵੇ, ਕਿਉਂਕਿ ਬਹੁਤ ਸਾਰੀਆਂ ਸੜਕਾਂ 'ਤੇ ਪੱਥਰ ਪਾ ਕੇ ਕੰਮ ਵਿਚਕਾਰ 'ਚ ਹੀ ਲਟਕ ਰਹੇ ਹਨ, ਜਿਸ ਨਾਲ ਰਾਹਗੀਰ ਵੱਡੀਆਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਜਿਵੇਂ ਨੰਬਰਦਾਰੀ ਜੱਦੀ ਪੁਸ਼ਤੀ, ਮਾਣ ਭੱਤੇ 'ਚ ਵਾਧਾ, ਬੱਸ ਤੇ ਰੇਲ ਸਫ਼ਰ ਹਰਿਆਣਾ ਦੀ ਤਰ੍ਹਾਂ ਮੁਫ਼ਤ ਕਰਨ ਅਤੇ ਨੰਬਰਦਾਰਾਂ ਦੇ ਬੈਠਣ ਲਈ ਢੁੱਕਵੀਂ ਥਾਂ ਮੁਹੱਈਆ ਕਰਵਾਉਣ ਆਦਿ ਮੰਗਾਂ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ | ਇਸ ਮੌਕੇ ਬਲਦੇਵ ਸਿੰਘ ਤੇ ਕੁਲਵੰਤ ਸਿੰਘ ਬਦੇਸ਼ਾਂ, ਮਹਿੰਦਰ ਸਿੰਘ ਜਟਾਣਾ ਨੀਵਾਂ, ਇੰਦਰਜੀਤ ਸਿੰਘ ਖੰਟ, ਜੀਤ ਸਿੰਘ, ਨਿਰਮਲ ਸਿੰਘ ਤੇ ਗੁਰਮੇਲ ਸਿੰਘ ਮੋਹਣ ਮਾਜਰਾ, ਲਖਬੀਰ ਸਿੰਘ ਲੱਖੀ ਅਮਰਗੜ੍ਹ, ਸ਼ਸ਼ੀ ਰਾਜ ਤੇ ਰਾਕੇਸ਼ ਸੰਘੋਲ, ਨਿਰਮਨਜੀਤ ਸਿੰਘ ਬਰਵਾਲੀ, ਮੇਜਰ ਸਿੰਘ ਖਮਾਣੋਂ ਅਤੇ ਜਗਤਾਰ ਸਿੰਘ ਭੱਟੀਆਂ ਤੋਂ ਇਲਾਵਾ ਹੋਰ ਨੰਬਰਦਾਰ ਹਾਜ਼ਰ ਸਨ |