ਫ਼ਤਹਿਗੜ੍ਹ ਸਾਹਿਬ, 28 ਮਈ (ਬਲਜਿੰਦਰ ਸਿੰਘ)-ਬੀਤੇ ਦਿਨੀਂ ਹੋਈਆਂ ਨਗਰ ਕੌਂਸਲ ਸਰਹਿੰਦ ਦੀਆਂ ਚੋਣਾਂ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ | ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਲੋਂ ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ, ਫ਼ਤਹਿਗੜ੍ਹ ਸਾਹਿਬ ਵਿਖੇ ਬਣਾਏ ਗਏ 'ਸਟਰੋਂਗ ਰੂਮ' ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਅਕਾਲੀ ਦਲ ਨੇ ਸੱਤਾਧਾਰੀ ਧਿਰ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਥਿਤ ਤੌਰ 'ਤੇ ਸਟਰੋਂਗ ਰੂਮ ਵਿਚ ਛੇੜਛਾੜ ਕੀਤੇ ਜਾਣ ਦਾ ਦਾਅਵਾ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਵਿਚ ਇਕੱਠੇ ਹੋਏ ਸਮਰਥਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਵਾਰਡ ਨੰਬਰ. 11 ਤੋਂ ਅਕਾਲੀ ਦਲ ਦੀ ਉਮੀਦਵਾਰ ਤਰੂਨ ਕੁਮਾਰੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੰਭਾਵਿਤ ਜਿੱਤ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ, ਜਿਸ ਦੇ ਚੱਲਦਿਆਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ | ਦੂਜੇ ਪਾਸੇ, ਅਕਾਲੀ ਦਲ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਬੱਬਲ ਨੇ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਵੋਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਾਰਟੀ ਵਲੋਂ ਸਟਰੋਂਗ ਰੂਮ ਦੇ ਬਾਹਰ ਆਪਣੇ ਵਰਕਰ ਤਾਇਨਾਤ ਕੀਤੇ ਜਾਣਗੇ, ਤਾਂ ਜੋ ਸਰਕਾਰੀ ਨੁਮਾਇੰਦਿਆਂ ਵਲੋਂ ਕੀਤੀ ਜਾਣ ਵਾਲੀ ਕਿਸੇ ਵੀ ਸੰਭਾਵਿਤ ਗੜਬੜੀ ਜਾਂ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ | ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਸਮੁੱਚੀ ਪ੍ਰਕਿਰਿਆ ਦੀ ਪਾਰਦਰਸ਼ਤਾ ਬਣਾਈ ਰੱਖੀ ਜਾਵੇ | ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਫ਼ਤਹਿਗੜ੍ਹ ਸਾਹਿਬ ਦੀ ਏ.ਡੀ.ਸੀ. ਪੂਜਾ ਸਿਆਲ ਗਰੇਵਾਲ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਏ.ਡੀ.ਸੀ. ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸਟਰੋਂਗ ਰੂਮ ਵਿਚ ਕੈਮਰੇ ਲੱਗੇ ਹੋਏ ਹਨ, ਜਿਸ ਕਾਰਨ ਸੁਰੱਖਿਆ ਪੂਰੀ ਤਰ੍ਹਾਂ ਪੁਖ਼ਤਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤਜਿੰਦਰ ਸਿੰਘ ਕੋਹਲੀ, ਰਣਯੋਧਵੀਰ ਸਿੰਘ, ਹਰਜੀਤ ਕੌਰ ਬਾਜਵਾ, ਕੁਲਬੀਰ ਸਿੰਘ ਸੋਨੀ, ਅਮਰਜੀਤ ਕੌਰ, ਮੋਤੀ ਲਾਲ ਜੀ, ਹਰਵਿੰਦਰ ਕੌਰ, ਜਸਵਿੰਦਰ ਕੌਰ, ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਕੋਹਲ਼ੀ, ਪੰਕਜ ਸ਼ਰਮਾ, ਸਤਵਿੰਦਰ ਕੌਰ, ਲਖਬੀਰ ਅਮਰਜੀਤ ਕੌਰ, ਸਰਤਾਜ ਸਿੰਘ, ਸਰਬਜੀਤ ਸਿੰਘ, ਲਵਿੰਦਰ ਸਿੰਘ, ਨਿਰਮਲ ਕੌਰ, ਜਸਵੀਰ ਕੌਰ, ਬਲਵਿੰਦਰ ਕੌਰ ਤੁਲਾਣੀਆ, ਗੁਰਜਸਜੀਤ ਸਿੰਘ, ਬਲਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਪੋਲਾ, ਦਵਿੰਦਰ ਸਿੰਘ ਬਹਿਲੋਲਪੁਰ, ਸੁਖਦੀਪ ਸਿੰਘ ਬਹਿਲੋਲਪੁਰ, ਜਗਤਾਰ ਸਿੰਘ ਗੁਣੀਆ ਮਾਜਰਾ, ਸਰਬਜੀਤ ਸਿੰਘ ਡੰਗੇੜੀਆਂ, ਰਾਮ ਸਿੰਘ ਭਗੜਾਣਾ, ਕਾਬਲ ਸਿੰਘ ਝਾਂਮਪੁਰ, ਕਿਰਨਦੀਪ ਸਿੰਘ ਚੁੰਨੀ, ਰਿੰਪੀ ਗਰੇਵਾਲ, ਧਰਮਿੰਦਰ ਸਿੰਘ ਮੂਲੇਪੁਰ, ਮਨਪ੍ਰੀਤ ਸਿੰਘ ਸ਼ਾਹਪੁਰ, ਗੁਰਤੇਜ ਸਿੰਘ ਗਿੱਲ, ਦਮਨਜੋਤ ਸਿੰਘ ਚੀਮਾ, ਨਿਰਮਲ ਕੁਮਾਰ, ਬਲਵਿੰਦਰ ਸਿੰਘ ਸਹਾਰਨ ਅਤੇ ਪਲਵਿੰਦਰ ਸਿੰਘ ਨਬੀਪੁਰ ਹਾਜ਼ਰ ਸਨ |