ਫ਼ਤਹਿਗੜ੍ਹ ਸਾਹਿਬ, 28 ਮਈ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੁਕਮਾਂ ਦੀ ਸਖ਼ਤੀ ਨਾਲ ਪਾਲਨਾ ਕਰਦੇ ਹੋਏ ਨਗਰ ਕੌਂਸਲ ਸਰਹਿੰਦ ਵਲੋਂ ਸ਼ਹਿਰ ਅੰਦਰ ਖ਼ੰੂਖ਼ਾਰ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ਇਸ ਮੁਹਿੰਮ ਤਹਿਤ ਕੌਂਸਲ ਦੀ ਤਕਨੀਕੀ ਟੀਮ ਵਲੋਂ ਸਰਹਿੰਦ ਦੇ ਪ੍ਰਮੁੱਖ ਰਿਹਾਇਸ਼ੀ ਇਲਾਕੇ 'ਸਰਹਿੰਦ ਗਰੀਨ ਐਵਿਨਿਊ' ਵਿਖੇ ਘੁੰਮ ਰਹੇ ਖ਼ੰੂਖ਼ਾਰ ਆਵਾਰਾ ਕੁੱਤਿਆਂ ਨੂੰ ਸਫਲਤਾਪੂਰਵਕ ਫੜਿਆ ਗਿਆ | ਨਗਰ ਕੌਂਸਲ ਸਰਹਿੰਦ ਦੇ ਸੁਪਰਡੈਂਟ ਸੈਨੀਟੇਸ਼ਨ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸ਼ਹਿਰ ਦੇ ਕਿਸੇ ਵੀ ਹਿੱਸੇ ਜਾਂ ਵਾਰਡ ਵਿਚ ਖ਼ੰੂਖ਼ਾਰ ਆਵਾਰਾ ਕੁੱਤਿਆਂ ਸਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ, ਤਾਂ ਤੁਰੰਤ ਇਸ ਮਾਮਲੇ ਨੂੰ ਨਗਰ ਕੌਂਸਲ ਦੇ ਮੁੱਖ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ | ਨਗਰ ਕੌਂਸਲ ਦੀ ਇਸ ਤੁਰੰਤ ਅਤੇ ਸ਼ਲਾਘਾਯੋਗ ਕਾਰਵਾਈ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਗਰੀਨ ਐਵਿਨਿਊ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੌਂਸਲ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਮੁਹੱਲੇ ਵਿਚ ਖ਼ਤਰਨਾਕ ਕੁੱਤੇ ਘੁੰਮ ਰਹੇ ਹਨ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦਾ ਬਾਹਰ ਨਿਕਲਣਾ ਦੁੱਭਰ ਹੋਇਆ ਪਿਆ ਸੀ | ਸੂਚਨਾ ਮਿਲਦਿਆਂ ਹੀ ਨਗਰ ਕੌਂਸਲ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਕੁੱਤਿਆਂ ਨੂੰ ਕਾਬੂ ਕੀਤਾ, ਜਿਸ ਲਈ ਸਮੁੱਚੀ ਐਸੋਸੀਏਸ਼ਨ ਕੌਂਸਲ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ |