ਮੰਡੀ ਗੋਬਿੰਦਗੜ੍ਹ ਨਗਰ ਕੌਂਸਲ 'ਚ 'ਆਪ' ਦਾ ਪ੍ਰਚੰਡ ਬਹੁਮਤ
ਅਜੀਤ ਡੈਸਕ
30-05-2026
• ਕਿਹਾ-ਵਿਕਾਸ ਅਤੇ ਪਾਰਦਰਸ਼ੀ ਪ੍ਰਸ਼ਾਸਨ 'ਤੇ ਲੋਕਾਂ ਨੇ ਲਗਾਈ ਮੋਹਰ
ਮੰਡੀ ਗੋਬਿੰਦਗੜ੍ਹ, 29 ਮਈ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਭਾਰੀ ਬਹੁਮਤ 'ਤੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ, ਇਮਾਨਦਾਰੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇ ਹੱਕ ਵਿਚ ਆਪਣਾ ਫ਼ੈਸਲਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੀਆਂ 29 'ਚੋਂ 19 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਸ਼ਹਿਰ ਦੇ ਸੂਝਵਾਨ ਵੋਟਰਾਂ ਦੀ ਸੋਚ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਮੰਡੀ ਗੋਬਿੰਦਗੜ੍ਹ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸਾਡੇ 'ਤੇ ਭਰੋਸਾ ਜਿਤਾਇਆ | ਅਸੀਂ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਚੋਣਾਂ ਅਤੇ ਕਾਊਾਟਿੰਗ ਪੂਰੀ ਤਰ੍ਹਾਂ ਫਰੀ ਐਂਡ ਫੇਅਰ ਹੋਣਗੀਆਂ ਅਤੇ ਲੋਕਾਂ ਨੇ ਸਾਨੂੰ ਪ੍ਰਚੰਡ ਬਹੁਮਤ ਦੇ ਕੇ ਸਾਡੀਆਂ ਨੀਤੀਆਂ ਅਤੇ ਕੰਮਾਂ 'ਤੇ ਮੋਹਰ ਲਗਾਈ ਹੈ |
ਬਾਹਰੀ ਇਲਾਕਿਆਂ ਵਿਚ ਹੋਏ ਵਿਕਾਸ ਕਾਰਜਾਂ ਨੂੰ ਲੋਕਾਂ ਨੇ ਦਿੱਤਾ ਸਮਰਥਨ
'ਕੱਚੇ ਇਲਾਕਿਆਂ ਨੂੰ ਸੜਕਾਂ, ਸੀਵਰੇਜ, ਪਾਣੀ ਅਤੇ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਨਾਲ ਜੋੜਿਆ' : ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਨਗਰ ਕੌਂਸਲ ਰਾਹੀਂ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਵੱਡੇ ਪੱਧਰ 'ਤੇ ਵਿਕਾਸ ਕੰਮ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਜਿਹੜੇ ਇਲਾਕੇ ਪਹਿਲਾਂ ਕੱਚੇ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਸਨ, ਉੱਥੇ ਸੜਕਾਂ ਪੱਕੀਆਂ ਕਰਵਾਈਆਂ ਗਈਆਂ, ਸੀਵਰੇਜ ਪਾਇਆ ਗਿਆ, ਪੀਣ ਵਾਲੇ ਪਾਣੀ ਦੀਆਂ ਪਾਈਪਲਾਈਨਾਂ ਵਿਛਾਈਆਂ ਗਈਆਂ ਅਤੇ ਸਟਰੀਟ ਲਾਈਟਾਂ ਲਗਾਈਆਂ ਗਈਆਂ | ਉਨ੍ਹਾਂ ਕਿਹਾ ਕਿ ਹੁਣ ਨਗਰ ਕੌਂਸਲ ਵਿਚ ਪਹਿਲੀ ਵਾਰ ਪੂਰਨ ਬਹੁਮਤ ਮਿਲਣ ਕਾਰਨ ਪਾਰਟੀ ਦੀ ਕੋਸ਼ਿਸ਼ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ਨੂੰ ਹੱਲ ਕਰਨ 'ਤੇ ਹੋਵੇਗੀ |
ਸੀਵਰੇਜ ਅਤੇ ਸਾਫ਼ ਪਾਣੀ ਰਹਿਣਗੇ ਪਹਿਲੀ ਤਰਜੀਹ
'90 ਫ਼ੀਸਦੀ ਸਮਰੱਥਾ 'ਤੇ ਚੱਲ ਰਿਹਾ ਮੌਜੂਦਾ ਸੀਵਰੇਜ ਸਿਸਟਮ, ਨਵੀਂ ਮੇਨ ਲਾਈਨ ਦਾ ਪ੍ਰੋਜੈਕਟ ਲਿਆਂਦਾ ਜਾਵੇਗਾ' ਪੀਣ ਵਾਲੇ ਸਾਫ਼ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਸਭ ਤੋਂ ਵੱਡਾ ਮੁੱਦਾ ਦੱਸਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦਾ ਮੌਜੂਦਾ ਸੀਵਰੇਜ ਸਿਸਟਮ ਲਗਭਗ 90 ਫ਼ੀਸਦੀ ਸਮਰੱਥਾ 'ਤੇ ਚੱਲ ਰਿਹਾ ਹੈ | ਇਸ ਲਈ ਪਿਛਲੇ ਹਾਊਸ ਵਿਚ ਇੱਕ ਪੈਰਲਲ ਮੇਨ ਲਾਈਨ ਪਾਉਣ ਲਈ ਮਤਾ ਪਾਸ ਕੀਤਾ ਗਿਆ ਸੀ ਤਾਂ ਜੋ ਸਿਸਟਮ ਦੀ ਸਮਰੱਥਾ ਵਧਾਈ ਜਾ ਸਕੇ | ਉਨ੍ਹਾਂ ਦੱਸਿਆ ਕਿ ਐਸ.ਟੀ.ਪੀ. (ਸੀਵਰੇਜ ਟਰੀਟਮੈਂਟ ਪਲਾਂਟ) ਚਾਲੂ ਹੋ ਚੁੱਕਾ ਹੈ, ਪਰ ਸ਼ਹਿਰ ਲਈ ਨਵੀਂ ਮੇਨ ਲਾਈਨ ਪਾਉਣ ਦੀ ਤੁਰੰਤ ਲੋੜ ਹੈ ਅਤੇ ਇਸ ਪ੍ਰੋਜੈਕਟ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਲਿਆਂਦਾ ਜਾਵੇਗਾ | ਵਿਧਾਇਕ ਗੈਰੀ ਨੇ ਕਿਹਾ ਕਿ ਪੁਰਾਣੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਦੀਆਂ ਬਹੁਤ ਪੁਰਾਣੀਆਂ ਪਾਈਪਾਂ ਕਾਰਨ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਨਵੀਂ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿਚ ਹੀ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਦੋਵੇਂ ਮੁੱਦਿਆਂ ਦੇ ਹੱਲ ਲਈ ਠੋਸ ਫ਼ੈਸਲੇ ਲਏ ਜਾਣਗੇ |