ਫ਼ਤਹਿਗੜ੍ਹ ਸਾਹਿਬ, 30 ਮਈ (ਰਾਜਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਵਿਚ ਸ਼ੁਰੂ ਕੀਤੀ ਮਾਪੇ-ਅਧਿਆਪਕ ਮਿਲਣੀ ਦੌਰਾਨ ਸਿੱਖਿਆ ਦਾ ਮਹਾਂ ਜਸ਼ਨ ਮਨਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਤੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਮਾਪਿਆਂ ਨੇ ਭਰਪੂਰ ਸ਼ਲਾਘਾ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਦੱਸਿਆ ਕਿ 'ਮੈਗਾ ਮਾਪੇ-ਅਧਿਆਪਕ ਮਿਲਣੀ, ਸਿੱਖਿਆ ਦਾ ਮਹਾਂ ਜਸ਼ਨ' ਵਿਚ ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੇ ਅੰਕਾਂ ਦੇ ਨਾਲ-ਨਾਲ ਉਨ੍ਹਾਂ ਦੀ ਚੰਗੀ ਸਿਹਤ ਬਾਰੇ, ਅਨੁਸ਼ਾਸਨ, ਖੇਡਾਂ, ਰਚਨਾਤਮਿਕਤਾ, ਨਸ਼ੇ ਵਿਰੁੱਧ ਅਤੇ ਐਚ.ਪੀ.ਵੀ. ਟੀਕਾਕਰਨ ਬਾਰੇ ਮਾਪਿਆ ਨਾਲ ਚਰਚਾ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀਦਾਰ ਸਿੰਘ ਵਲੋਂ ਪੀ.ਐਮ.ਸ੍ਰੀ. ਸਰਕਾਰੀ ਹਾਈ ਸਕੂਲ ਹਰਬੰਸਪੁਰਾ, ਪੀ.ਐਮ.ਸ੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ (ਲੜਕੇ), ਟਿੱਬੀ, ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਖਾਨਪੁਰ, ਸਰਕਾਰੀ ਹਾਈ ਸਕੂਲ ਬੁੱਗਾਂ ਕਲਾਂ, ਸਰਕਾਰੀ ਮਿਡਲ ਸਕੂਲ ਭਾਂਬਰੀਆਂ ਅਤੇ ਸਰਕਾਰੀ ਮਿਡਲ ਸਕੂਲ ਮਛਰਾਏ ਕਲਾਂ ਵਿਖੇ ਮੈਗਾ ਪੀ.ਟੀ.ਐਮ. ਦੌਰਾਨ ਸਕੂਲਾਂ ਦਾ ਦੌਰਾ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਸਿੱਖਿਆ ਦੇ ਇਸ ਮਹਾਂ ਜਸ਼ਨ ਦਾ ਮੁੱਖ ਉਦੇਸ਼ ਨੀਤੀ ਆਯੋਗ ਵਲੋਂ ਜਾਰੀ ਸਿੱਖਿਆ ਦੀ ਗੁਣਵੱਤਾ 2.0 ਵਿਚ ਪੰਜਾਬ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸਕੂਲਾਂ ਵਿਚ ਕੰਮ ਕਰਕੇ ਸਮੂਹ ਸਟਾਫ਼ ਵਲੋਂ ਕੀਤੀ ਮਿਹਨਤ ਦੀ ਹੌਸਲਾ ਅਫ਼ਜ਼ਾਈ ਕਰਨਾ, ਬੋਰਡ ਪ੍ਰੀਖਿਆ ਵਿਚ ਸਕੂਲ ਪੱਧਰ 'ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ, ਕਿਸੇ ਵੀ ਵਿਸ਼ੇ ਵਿਚ 100 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਾ, ਜੇ.ਈ.ਈ., ਕਲੈਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਾ, ਹੁਨਰ ਸਿੱਖਿਆ ਵਿਚ ਪ੍ਰਗਤੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਹੈ | ਇਸ ਮੌਕੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਵੀ ਦਿੱਤਾ ਗਿਆ | ਇਸ ਮੌਕੇ ਦੀਦਾਰ ਸਿੰਘ ਮਾਂਗਟ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲਾਂ ਦੇ ਇਨਫਰਾਸਟਰਕਚਰ ਦੇ ਸੁਧਾਰ ਬਾਰੇ ਸਰਕਾਰ ਵਲੋਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਵਿਚ ਬੱਚਿਆਂ ਨੂੰ ਉਸਾਰੂ ਵਿੱਦਿਅਕ ਮਾਹੌਲ ਦੇਣ ਲਈ ਸਕੂਲਾਂ ਦੇ ਢਾਂਚੇ ਵਿਚ ਲਗਾਤਾਰ ਸੁਧਾਰ ਕੀਤਾ ਗਿਆ ਹੈ ਅਤੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣਗੇ | ਉਨ੍ਹਾਂ ਨੇ ਇਸ ਮੈਗਾ ਮਾਪੇ-ਅਧਿਆਪਕ ਮਿਲਣੀ, ਸਿੱਖਿਆ ਦਾ ਮਹਾਂ ਜਸ਼ਨ ਵਿਚ ਭਾਗ ਲੈਣ ਵਾਲੇ ਮਾਪਿਆ ਦਾ ਧੰਨਵਾਦ ਕੀਤਾ |