ਖਮਾਣੋਂ, 31 ਮਈ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੀਆਂ ਹੋਈਆਂ ਚੋਣਾਂ ਵਿਚ ਵਾਰਡ ਨੰ. 13 ਤੋਂ ਕਾਂਗਰਸ ਦੇ ਉਮੀਦਵਾਰ ਗੁਰਿੰਦਰ ਸਿੰਘ ਸੋਨੀ ਨੇ ਲਗਾਤਾਰ ਤੀਜੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਵਰਮਾ ਨੂੰ 80 ਵੋਟਾਂ ਦੇ ਫ਼ਰਕ ਨਾਲ ਹਰਾਇਆ | ਇਸ ਚਹੰੁ ਤਰਫੇ ਮੁਕਾਬਲੇ ਵਿਚ ਗੁਰਿੰਦਰ ਸਿੰਘ ਸੋਨੀ ਨੂੰ 232, 'ਆਪ' ਦੇ ਉਮੀਦਵਾਰ ਰਾਜ ਕੁਮਾਰ ਵਰਮਾ ਨੂੰ 152, ਸ਼੍ਰੋਮਣੀ ਅਕਾਲੀ ਦਲ ਦੇ ਸੰਤੋਸ਼ ਕੁਮਾਰ ਸ਼ਰਮਾ ਨੂੰ 78 ਅਤੇ ਆਜ਼ਾਦ ਉਮੀਦਵਾਰ ਜਤਿੰਦਰ ਸਿੰਘ ਬੱਲ ਨੂੰ 65 ਵੋਟਾਂ ਪ੍ਰਾਪਤ ਹੋਈਆਂ | ਇਸ ਵਾਰਡ 'ਤੇ ਸਾਰੇ ਸ਼ਹਿਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਉਂਕਿ ਉਨ੍ਹਾਂ ਦੇ ਮੁਕਾਬਲੇ ਵਿਚ ਖੜੇ ਉਮੀਦਵਾਰਾਂ ਵਲੋਂ ਵੀ ਜਿੱਤ ਪ੍ਰਾਪਤ ਕਰਨ ਲਈ ਪੂਰਾ ਜ਼ੋਰ ਲਗਾਇਆ ਹੋਇਆ ਸੀ ਅਤੇ ਗੁਰਿੰਦਰ ਸਿੰਘ ਸੋਨੀ ਇਹ ਚੋਣ ਆਪਣੇ ਵਾਰਡ ਤੋਂ ਹਟ ਕੇ ਦੂਜੇ ਵਾਰਡ ਵਿਚ ਲੜ ਰਹੇ ਸਨ | ਗੁਰਿੰਦਰ ਸਿੰਘ ਸੋਨੀ ਨੇ ਕਿਹਾ ਕਿ ਲੋਕਾਂ ਦੇ ਪਿਆਰ ਵਿਸ਼ਵਾਸ ਅਤੇ ਸਮਰਥਨ ਸਦਕਾ ਹੀ ਉਨ੍ਹਾਂ ਨੂੰ ਇਹ ਵੱਡੀ ਜਿੱਤ ਪ੍ਰਾਪਤ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਵੋਟਰਾਂ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਨੂੰ ਸਮਰਪਿਤ ਰਹਿਣਗੇ | ਵਰਨਣਯੋਗ ਹੈ ਕਿ ਗੁਰਿੰਦਰ ਸਿੰਘ ਸੋਨੀ ਖਮਾਣੋਂ ਵਿਚ ਅਤਿ ਹਰਮਨ ਪਿਆਰੇ ਹਨ ਕਿਉਂਕਿ ਉਹ ਹਰ ਇਕ ਦੇ ਦੁੱਖ ਸੁੱਖ ਵਿਚ ਜਿੱਥੇ ਵੱਧ ਚੜ੍ਹ ਕੇ ਸ਼ਰੀਕ ਹੁੰਦੇ ਹਨ ਉੱਥੇ ਹੀ ਲੋਕਾਂ ਦੇ ਕੰਮਾਂ-ਕਾਰਾਂ ਲਈ ਹਰ ਵੇਲੇ ਹਾਜ਼ਰ ਰਹਿੰਦੇ ਹਨ | ਜਿੱਤ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਦਾ ਸਿਰਫ਼ ਵਾਰਡ ਦੇ ਵਾਸੀਆਂ ਵਲੋਂ ਹੀ ਸਨਮਾਨ ਨਹੀਂ ਕੀਤਾ ਗਿਆ ਸਗੋਂ ਖਮਾਣੋਂ ਦੇ ਵੱਖ-ਵੱਖ ਹੋਰਨਾਂ ਵਾਰਡਾਂ ਵਿਚ ਵੀ ਗੁਰਿੰਦਰ ਸਿੰਘ ਸੋਨੀ ਨੂੰ ਸਨਮਾਨਿਤ ਕੀਤਾ ਗਿਆ | ਨਗਰ ਪੰਚਾਇਤ ਖਮਾਣੋਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਕੌਂਸਲਰ ਨੇ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੋਵੇ |