ਮੰਡੀ ਗੋਬਿੰਦਗੜ੍ਹ, 3 ਜੁਲਾਈ (ਰਾਜੇਸ਼ ਸ਼ਰਮਾ)-ਸਥਾਨਕ ਈਦਗਾਹ ਕਾਲੋਨੀ ਵਿਖੇ ਅੱਜ ਜ਼ੁੰਮੇ ਦੀ ਨਮਾਜ਼ ਤੋਂ ਬਾਅਦ ਮੁਸਲਿਮ ਭਾਈਚਾਰੇ ਅਤੇ ਮਜਲਿਸ ਅਹਿਰਾਰ-ਏ-ਇਸਲਾਮ ਹਿੰਦ ਦੇ ਆਗੂਆਂ ਵਲੋਂ ਪੈਗ਼ੰਬਰ ਮੁਹੰਮਦ ਸਾਹਿਬ ਬਾਰੇ ਸੋਸ਼ਲ ਮੀਡੀਆ ’ਤੇ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਦੋਸ਼ਾਂ ਦੇ ਵਿਰੋਧ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਤੀਕਾਤਮਿਕ ਤੌਰ ’ਤੇ ਪੁਤਲਾ ਫ਼ੂਕ ਕੇ ਆਪਣਾ ਵਿਰੋਧ ਦਰਜ ਕਰਵਾਇਆ, ਪ੍ਰਦਰਸ਼ਨ ਉਪਰੰਤ ਰਾਸ਼ਟਰਪਤੀ ਦੇ ਨਾਂਅ ਇਕ ਮੰਗ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਗਿਆ, ਜਿਸ ਨੂੰ ਨਾਇਬ ਤਹਿਸੀਲਦਾਰ ਸਪਰਸ਼ ਕੌਰ ਨੇ ਪ੍ਰਾਪਤ ਕੀਤਾ। ਪ੍ਰਸ਼ਾਸਨ ਵਲੋਂ ਭਰੋਸਾ ਦਿੱਤਾ ਗਿਆ ਕਿ ਮੰਗ ਪੱਤਰ ਸਬੰਧਿਤ ਅਧਿਕਾਰੀਆਂ ਤੱਕ ਭੇਜਿਆ ਜਾਵੇਗਾ। ਇਸ ਮੌਕੇ ਕੌਂਸਲਰ ਸਲੀਮ ਗਗੜੀ ਨੇ ਦੱਸਿਆ ਕਿ ਲੁਧਿਆਣਾ ਦੇ ਸ਼ਾਹੀ ਇਮਾਮ ਦੀ ਅਪੀਲ ’ਤੇ ਪੰਜਾਬ ਭਰ ਵਿਚ ਜ਼ੁੰਮੇ ਦੀ ਨਮਾਜ਼ ਤੋਂ ਬਾਅਦ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸੇ ਅਪੀਲ ਦੇ ਤਹਿਤ ਮੰਡੀ ਗੋਬਿੰਦਗੜ੍ਹ ਵਿਚ ਵੀ ਭਾਈਚਾਰੇ ਨੇ ਅਮਨ-ਸ਼ਾਂਤੀ ਬਣਾਈ ਰੱਖਦਿਆਂ ਆਪਣਾ ਵਿਰੋਧ ਦਰਜ ਕਰਵਾਇਆ, ਮਜਲਿਸ ਅਹਿਰਾਰ-ਏ-ਇਸਲਾਮ ਹਿੰਦ ਅਮਲੋਹ ਦੇ ਪ੍ਰਧਾਨ ਮੁਹੰਮਦ ਆਰਿਫ਼ ਖ਼ਾਨ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਕੀਤੀ ਗਈ ਕਥਿਤ ਟਿੱਪਣੀ ਨਾਲ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਮੁਹੰਮਦ ਸਲਮਾਨ ਨੇ ਵੀ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਬਲਜੀਤ ਖ਼ਾਨ, ਮਸਜਿਦ ਲਾਡਪੁਰ ਦੇ ਪ੍ਰਧਾਨ ਇਮਾਮ ਅੰਸਾਰੀ, ਮੁਹੰਮਦ ਅਨੁਸ਼ਾਦ, ਨਈਮ ਅਹਿਮਦ, ਸਲੀਮ ਬਿੱਟੂ, ਅਰਮਾਨ, ਰਿਜ਼ਵਾਨ, ਗੁੱਡੂ ਮੁਹੰਮਦ, ਮੁਰਤਾਜ਼ ਮੁਹੰਮਦ, ਗੁਲਜ਼ਾਰ ਮੁਹੰਮਦ, ਸਰਫ਼ਰਾਜ਼, ਮਹਿਫ਼ੂਜ਼ ਅਲੀ, ਮੁਹੰਮਦ ਸੈਫੀ, ਮੁਹੰਮਦ ਕੈਫੀ ਅਤੇ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।