ਬਸੀ ਪਠਾਣਾਂ, 3 ਜੁਲਾਈ (ਰਾਜਿੰਦਰ ਸ਼ਰਮਾ, ਐਚ.ਐਸ.ਗੌਤਮ)-ਭਾਰਤੀ ਜਨਤਾ ਪਾਰਟੀ ਬਸੀ ਪਠਾਣਾਂ ਮਹਿਲਾ ਮੋਰਚਾ ਵਲੋਂ ਪ੍ਰਧਾਨ ਸ਼ਮਾ ਧੀਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ’ਚ ਭਾਜਪਾ ਐਸ.ਸੀ.ਮੋਰਚਾ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ, ਜ਼ਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਅਵਿਨਾਸ ਕੌਰ, ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ ਵਿਸ਼ੇਸ਼ ਤੌਰ ਤੇ ਪਹੁੰਚੇ। ਰੋਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀਆਂ ਮਹਿਲਾਵਾਂ ਨਾਲ ਬਹੁਤ ਬੜਾ ਧੋਖਾ ਕਰ ਰਹੇ ਹਨ, ਕਿਉਂਕਿ ਭਗਵੰਤ ਮਾਨ ਸਰਕਾਰ ਵਲੋਂ ਮਹਿਲਾਵਾਂ, ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਸੂਬੇ ਦੀਆਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਵਾਂਗੇ, ਪ੍ਰੰਤੂ ਹੁਣ 51 ਮਹੀਨੇ ਬਾਅਦ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਤਾਂ ਸੂਬਾ ਸਰਕਾਰ ਨੇ ਵੋਟਾਂ ਪ੍ਰਾਪਤ ਕਰਨ ਲਈ ਮਹਿਲਾਵਾਂ, ਭੈਣਾਂ ਦੇ ਖਾਤੇ ’ਚ 3000 ਹਜ਼ਾਰ ਤੇ 4500 ਰੁਪਏ ਉਹ ਵੀ ਸੀਮਤ ਮਹਿਲਾਵਾਂ ਦੇ ਖਾਤੇ ’ਚ ਪਾ ਰਹੀ ਹੈ। ਜਦਕਿ ਵਧੇਰੇ ਗਿਣਤੀ ’ਚ ਮਹਿਲਾਵਾਂ ਤੇ ਭੈਣਾਂ ਇਸ ਯੋਜਨਾ ਤੋ ਵਾਂਝੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਨੇੜੇ ਦੇਖ ਕੇ ਮਹਿਲਾਵਾਂ ਦੇ ਖਾਤਿਆਂ ’ਚ ਪੈਸੇ ਪਾ ਤਾਂ ਦਿੱਤੇ, ਜੋ ਚੋਣਾਂ ਤੋਂ ਤੁਰੰਤ ਬਾਅਦ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਹਰੇਕ ਮਹਿਲਾ ਦੇ ਖਾਤੇ ਵਿਚ 51000 ਰੁਪਏ ਜਮ੍ਹਾ ਕਰਵਾਏ, ਨਹੀਂ ਤਾਂ ਮਹਿਲਾਵਾਂ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰਨਗੀਆਂ। ਇਸ ਮੌਕੇ ਸੁਖਬੀਰ ਕੌਰ ਗੋਪਾਲੋਂ, ਸਰਬਜੀਤ ਕੌਰ, ਦਵਿੰਦਰ ਕੌਰ, ਪਰਮਿੰਦਰ ਕੌਰ, ਬਲਵਿੰਦਰ ਕੌਰ ਭੈਰੋਂਪੁਰ, ਸੋਫੀਆ ਨੰਦਪੁਰ ਕਲੌੜ, ਸਰਬਜੀਤ ਕੌਰ, ਸਿਮਰਨ ਕੌਰ, ਸੀਮਾ ਥੋਰ, ਅਨੀਤਾ ਗੌਤਮ ਮੰਡਲ ਜਨਰਲ ਸਕੱਤਰ, ਨਰਵੀਰ ਧੀਮਾਨ ਤੇ ਯੁਵਾ ਮੋਰਚਾ ਦੇ ਪ੍ਰਧਾਨ ਸਯਮ ਪਾਠਕ ਵੀ ਹਾਜ਼ਰ ਸਨ।