ਫ਼ਤਹਿਗੜ੍ਹ ਸਾਹਿਬ, 7 ਜੁਲਾਈ (ਮਨਪ੍ਰੀਤ ਸਿੰਘ)-ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫ਼ਲਸਫ਼ੇ ਤੇ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਦਸਤਾਵੇਜ਼ੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਇਸ ਡਾਕੂਮੈਂਟਰੀ ਵੈਨ ਨੂੰ ਸਰਹਿੰਦ ਬਲਾਕ ਦੇ ਪਿੰਡਾਂ ਲਈ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ ਫ਼ਲਸਫ਼ੇ ਤੇ ਸਿੱਖਿਆਵਾਂ ’ਤੇ ਆਧਾਰਿਤ ਪਿੰਡਾਂ ਵਿਚ ਦਸਤਾਵੇਜ਼ੀ ਦਿਖਾਉਣ ਲਈ ਵਿਸ਼ੇਸ਼ ਉੱਦਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵੈਨ ’ਤੇ 12 ਫੁੱਟ ਗੁਣਾ 8 ਫੁੱਟ ਦੀ ਵੱਡੀ ਐਲ. ਈ. ਡੀ. ਸਕਰੀਨ ਲਗਾਈ ਗਈ ਹੈ। ਇਹ 30 ਮਿੰਟ ਦੀ ਦਸਤਾਵੇਜ਼ੀ ਸੰਖੇਪ, ਅਰਥਪੂਰਨ ਤੇ ਬਹੁਤ ਪ੍ਰਭਾਵਸ਼ਾਲੀ ਹੈ, ਜੋ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਏਗੀ। ਵਿਧਾਇਕ ਰਾਏ ਨੇ ਦੱਸਿਆ ਕਿ ਪਹਿਲੇ ਦਿਨ ਡਾਕੂਮੈਂਟਰੀ ਵੈਨ ਬਲਾਕ ਸਰਹਿੰਦ ਦੇ ਪਿੰਡ ਮਾਧੋਪੁਰ ਤੇ ਸਿੱਧੂਵਾਲ ਵਿਖੇ ਸ਼ਾਮ ਕਰੀਬ 6 ਵਜੇ ਤੋਂ ਪਹਿਲਾ ਸ਼ੋਅ ਅਤੇ ਕਰੀਬ 7 ਵਜੇ ਤੋਂ ਦੂਜੇ ਪਿੰਡ ਵਿਖੇ ਦਸਤਾਵੇਜ਼ੀ ਸ਼ੋਅ ਦਿਖਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਗੁਰੂ ਰਵਿਦਾਸ ਜੀ ਵਲੋਂ ਦਿੱਤੇ ਸਮਾਜਿਕ ਬਰਾਬਰੀ, ਸਦਭਾਵਨਾ, ਸੱਚ, ਮਿਹਨਤ ਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਇਹ ਡਾਕੂਮੈਂਟਰੀ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ਨਾਲ ਜੋੜਨ ਤੇ ਉਨ੍ਹਾਂ ਦੇ ਜੀਵਨ ਤੋਂ ਪੇ੍ਰਨਾ ਲੈਣ ਦਾ ਇਕ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਅਮਲੋਹ ਦੇ ਪਿੰਡਾਂ ਵਿਚ ਗੁਰੂ ਰਵਿਦਾਸ ਮਹਾਰਾਜ ਨੂੰ ਸਮਰਪਿਤ ਡਾਕੂਮੈਂਟਰੀ ਵੈਨ ਰੋਜ਼ਾਨਾ ਦੋ ਪਿੰਡ ਕਵਰ ਕਰੇਗੀ। ਉਨ੍ਹਾਂ ਬਲਾਕ ਸਰਹਿੰਦ ਅਤੇ ਅਮਲੋਹ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਵਿਚ ਡਾਕੂਮੈਂਟਰੀ ਵੈਨ ਦੇ ਪਹੁੰਚਣ ਸਮੇਂ ਵੱਧ ਤੋਂ ਵੱਧ ਗਿਣਤੀ ਵਿਚ ਹਾਜ਼ਰ ਹੋ ਕੇ ਇਸ ਵਿਲੱਖਣ ਉਪਰਾਲੇ ਦਾ ਲਾਭ ਉਠਾਉਣ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਪਦੇਸ਼ਾਂ ਅਤੇ ਸਮਾਜ ਸੁਧਾਰ ਲਈ ਦਿੱਤੇ, ਅਮੁੱਲੇ ਯੋਗਦਾਨ ਤੋਂ ਪ੍ਰੇਰਨਾ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿਚ ਆਪਸੀ ਭਾਈਚਾਰੇ, ਸਮਾਨਤਾ ਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਈ ਸਿੱਧ ਹੋਣਗੇ।