ਫ਼ਤਹਿਗੜ੍ਹ ਸਾਹਿਬ, 7 ਜੁਲਾਈ (ਬਲਜਿੰਦਰ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁਲਾਪੁਰ ਦੀ ਅਗਵਾਈ ਵਿਚ ਸਹਾਇਕ ਕਮਿਸ਼ਨਰ ਸੂਬਾ ਸਿੰਘ ਨੂੰ ਜ਼ਿਲ੍ਹੇ ਵਿਚ ਚੱਲ ਰਹੇ ਐਸ. ਆਈ. ਆਰ ਦੇ ਕੰਮ ਵਿਚ ਲੱਗੇ ਅਧਿਆਪਕ ਤੇ ਮੁਲਾਜ਼ਮਾਂ ਨੂੰ ਅਧਿਕਾਰੀਆਂ ਵਲੋਂ ਵੱਡੇ ਪੱਧਰ ’ਤੇ ਤੰਗ ਪ੍ਰੇਸ਼ਾਨ ਕਰਕੇ ਕੰਮ ਜਲਦੀ ਮੁਕੰਮਲ ਕਰਨ ਦਾ ਪ੍ਰੈਸ਼ਰ ਬਣਾਏ ਜਾਣ ਸੰਬੰਧੀ ਮੁੱਖ ਚੋਣ ਅਧਿਕਾਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਐਸ. ਆਈ. ਆਰ. ਦਾ ਕੰਮ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਕਰਮਚਾਰੀਆਂ ਨੇ ਕਰਨਾ ਹੈ, ਜੋ ਕਿ ਪੂਰੀ ਤਨਦੇਹੀ ਨਾਲ ਕਰ ਰਹੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵਲੋਂ ਰੋਜ਼ਾਨਾ ਫ਼ੋਨ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲਗਾਤਾਰ ਉਨ੍ਹਾਂ ਦੀਆਂ ਆਨਲਾਈਨ ਜਾਂ ਆਫਲਾਈਨ ਮੀਟਿੰਗਾਂ ਲਗਾਈਆਂ ਜਾ ਰਹੀਆਂ ਹਨ ਅਤੇ ਕੰਮ ਨੂੰ ਦਿੱਤੇ ਸਮੇਂ ਤੋਂ ਪਹਿਲਾਂ ਕਰਨ ਲਈ ਮਾਨਸਿਕ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ੀਲਡ ਵਿਚ ਕਰਮਚਾਰੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਜਿਵੇਂ ਕਿ ਪੰਜਾਬ ਵਿਚ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ ਇਸ ਕਾਰਨ ਖੇਤ ਮਜ਼ਦੂਰ ਤੇ ਕਿਸਾਨ ਬਿਜਾਈ ਵਿਚ ਰੁੱਝੇ ਹੋਏ ਹਨ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਅੱਤ ਦੀ ਗਰਮੀ ਪੈ ਰਹੀ ਹੈ। ਜਦਕਿ ਉੱਚ ਅਧਿਕਾਰੀ ਏ. ਸੀ. ਕਮਰਿਆਂ ਵਿਚ ਬੈਠ ਕੇ ਹੁਕਮ ਵਜਾ ਰਹੇ ਹਨ। ਯੂਨੀਅਨ ਨੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਵੀ ਮੰਗ ਕੀਤੀ ਹੈ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਐਸ. ਆਈ. ਆਰ. ਦੇ ਕੰਮ ਵਿਚ ਲੱਗੇ ਹੋਏ ਕਰਮਚਾਰੀਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਬੰਦ ਕਰਨ। ਜੇਕਰ ਅਧਿਕਾਰੀਆਂ ਦਾ ਇਸੇ ਤਰ੍ਹਾਂ ਬੇਲੋੜਾ ਮਾਨਸਿਕ ਦਬਾਅ ਬਣਾਉਣਾ ਜਾਰੀ ਰਿਹਾ ਤਾਂ ਭਵਿੱਖ ਵਿਚ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਇਸ ਸਮੇਂ ਸੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਐਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਰਾਜਿੰਦਰ ਸਿੰਘ ਰਾਜਨ, ਆਸ਼ੂਤੋਸ਼ ਧੀਮਾਨ, ਸੁਰਿੰਦਰਪਾਲ ਸਿੰਘ, ਮਨਜੀਤ ਕੁਮਾਰ, ਅਮਰਜੀਤ ਪਾਲ, ਯੱਗਆਪਤੀ ਤ੍ਰਵੇਦੀ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਆਦਿ ਆਗੂ ਹਾਜ਼ਰ ਸਨ।