ਬਸੀ ਪਠਾਣਾਂ, 16 ਜੁਲਾਈ (ਐਚ. ਐਸ. ਗੌਤਮ)-ਸੈਫਰਨ ਸਿਟੀ ਸਕੂਲ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਸਿਮਰਨ ਨੇ ਆਪਣੀ ਨਿਸ਼ਾਨੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਜੂਨੀਅਰ ਮਹਿਲਾ ਵਰਗ ਦੇ 10 ਮੀਟਰ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਉਸ ਨੇ ਆਪਣੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ ਯੂਥ ਮਹਿਲਾ ਅਤੇ ਮਹਿਲਾ ਵਰਗ ਦੋਵਾਂ ਵਿਚ ਕਾਂਸੀ ਦੇ ਤਗਮੇ ਹਾਸਿਲ ਕੀਤੇ। ਸਕੂਲ ਦੀ ਪ੍ਰਿੰਸੀਪਲ ਜਸਦੀਪ ਕੌਰ ਕਾਹਲੋਂ ਨੇ ਸਿਮਰਨ ਦੀ ਇਸ ਬੇਮਿਸਾਲ ਪ੍ਰਾਪਤੀ ਲਈ ਉਸ ਨੂੰ ਸਨਮਾਨਿਤ ਕੀਤਾ ਅਤੇ ਉਸ ਦੀ ਮਿਹਨਤ, ਅਨੁਸ਼ਾਸਨ ਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਨਿਸ਼ਾਨੇਬਾਜ਼ ਨੂੰ ਭਵਿੱਖ ਦੀਆਂ ਚੈਂਪੀਅਨਸ਼ਿਪਾਂ ਵਿਚ ਹੋਰ ਸਫਲਤਾਵਾਂ ਹਾਸਿਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਹਰ ਖੇਤਰ ਵਿਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।