ਖਮਾਣੋਂ, 18 ਜੁਲਾਈ (ਜੋਗਿੰਦਰ ਪਾਲ)-ਬਲਾਕ ਖਮਾਣੋਂ ਦੇ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀ ਮੀਟਿੰਗ ਕਸ਼ਮੀਰ ਸਿੰਘ ਰੱਤੋਂ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਲੇਬਰ ਯੂਨੀਅਨ ਦੇ ਸਲਾਹਕਾਰ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਮੀਟਿੰਗ ਵਿਚ ਉਸਾਰੀ ਨਾਲ ਸੰਬੰਧਿਤ ਰਾਜ ਮਿਸਤਰੀਆਂ, ਮਜ਼ਦੂਰਾਂ, ਇਲੈਕਟ੍ਰੀਸ਼ਨਾਂ, ਬਾਰ ਬਲੈਡਰ, ਕਾਰਪੈਂਟਰਾ, ਪੇਂਟਰਾਂ, ਪਲੰਬਰਾਂ, ਮਾਰਬਲ, ਟਾਈਲ, ਪੀ. ਓ. ਪੀ, ਬਿਲਡਿੰਗ, ਲੈਟਰ ਆਦਿ ਕੰਮ ਕਰਦੇ ਵਰਕਰਾਂ ਨੂੰ ਪੰਜਾਬ ਬਿਲਡਿੰਗ ਐਂਡ ਅੰਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਪੈਨਸ਼ਨ, ਵਜ਼ੀਫ਼ਾ, ਐਕਸ ਗਰੇਸ਼ੀਆ ਗਰਾਂਟ, ਮੈਡੀਕਲ ਗਰਾਂਟ, ਐਲ. ਟੀ. ਸੀ, ਸ਼ਗਨ ਸਕੀਮ ਨੂੰ ਲਾਗੂ ਕਰਾਉਣ ਲਈ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋਂ ਦਾ ਗਠਨ ਕੀਤਾ। ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਕਮੇਟੀ ਮੈਂਬਰ ਬਹਾਦਰ ਸਿੰਘ ਖਮਾਣੋਂ, ਕਸ਼ਮੀਰ ਸਿੰਘ ਰੱਤੋਂ, ਗੁਰਜੰਟ ਸਿੰਘ ਬਦੇਸ਼ ਕਲਾਂ, ਮਿਸਤਰੀ ਜਗਤਾਰ ਸਿੰਘ, ਸੋਹਣ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ। ਮੀਟਿੰਗ ਵਿਚ ਫ਼ੈਸਲਾ ਕੀਤਾ ਕਿ 25 ਜੁਲਾਈ ਨੂੰ ਬਲਾਕ ਖਮਾਣੋਂ ਦੇ ਵੱਖ-ਵੱਖ ਪਿੰਡਾਂ ਦੇ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਵੈੱਲਫੇਅਰ ਬੋਰਡ ਦੀ ਮੀਟਿੰਗ ਦੌਰਾਨ ਕੀਤੇ ਫ਼ੈਸਲੇ ਜਿਨ੍ਹਾਂ ਵਿਚ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਲਈ ਨੂੰ ਲੇਬਰ ਚੌਕ ਬਣਾਉਣੇ, ਲੇਬਰ ਚੌਕਾਂ ਵਿਖੇ ਬੁਨਿਆਦੀ ਸਹੂਲਤਾਂ ਦੇਣੀਆਂ ਤੇ ਸਮੁੱਚੇ ਮਜ਼ਦੂਰਾਂ ਦੀਆਂ ਰਜਿਸਟ੍ਰੇਸ਼ਨ ਕਰਨੀਆਂ ਅਤੇ ਰਜਿਸਟ੍ਰੇਸ਼ਨ ਲਈ ਪਿੰਡ ਪੱਧਰੀ ਕੈਂਪ ਲਗਾਉਣ ਦੇ ਫ਼ੈਸਲਿਆਂ ਨੂੰ ਲਾਗੂ ਕੀਤਾ ਜਾਵੇ। ਮੀਟਿੰਗ ’ਚ ਮੇਵਾ ਸਿੰਘ ਚੜ੍ਹੀ, ਬਲਵਿੰਦਰ ਸਿੰਘ, ਦਲਵੀਰ ਸਿੰਘ, ਹਰਦੇਵ ਸਿੰਘ, ਬੱਬਲ ਸਿੰਘ, ਲਖਵਿੰਦਰ ਸਿੰਘ, ਸੁੱਖ ਰਾਮ ਕਾਲੇਵਾਲ ਆਦਿ ਹਾਜ਼ਰ ਸਨ।