ਭਾਦਸੋਂ, 25 ਜੁਲਾਈ (ਗੁਰਬਖਸ ਸਿੰਘ ਵੜੈਚ)-ਕਾਂਗਰਸ ਪਾਰਟੀ ਦੀ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਤੇ ਸਮੁੱਚੀ ਕਾਂਗਰਸ ਪਾਰਟੀ ਵਲੋਂ ਬਿਜਲੀ ਦਫਤਰ ਭਾਦਸੋਂ ਵਿਖੇ ਰੋਸ ਧਰਨਾ ਲਗਾਇਆ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰੇਕ ਵਰਗ ਦੁਖੀ ਹੈ ਕਿਉਂਕਿ ਸਰਕਾਰ ਜਨਤਾ ਨੂੰ ਸਹੂਲਤਾਂ ਦੇਣ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮਾੜੀ ਸਪਲਾਈ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ। ਬਿਜਲੀ ਮੁਲਾਜ਼ਮਾਂ ਦੁਆਰਾ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਧਰਨੇ ਲਗਾਏ ਜਾ ਰਹੇ ਹਨ। ਕਿਸਾਨ, ਵਪਾਰੀ ਸਮੇਤ ਸੂਬੇ ਦੀ ਜਨਤਾ ਬਿਜਲੀ ਸਪਲਾਈ ਦੀ ਕਮੀ ਕਾਰਨ ਦੁਖੀ ਹੈ ਪਰ ਸਰਕਾਰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਆਪਣੀਆਂ ਸਿਫਤਾਂ ਕਰਨ ਵਿਚ ਮਸ਼ਰੂਫ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਆਮ ਜਨਤਾ ਦੀ ਸਰਕਾਰ ਕਹਾਉਣ ਵਾਲੀ ਮਾਨ ਸਰਕਾਰ ਨੇ ਦੇਸ਼ ਦੇ ਭਵਿੱਖ ਸਕੂਲੀ ਬੱਚਿਆ ਦੇ ਬੈਗ ਤੱਕ ਨਹੀ ਬਖਸ਼ੇ ਜਿਨ੍ਹਾਂ ’ਤੇ ਆਪਣੀਆਂ ਫੋਟੋਆ ਲਗਾਏ ਕੇ ਜਨਤਾ ਦੇ ਹਿਤੈਸ਼ੀ ਕਹਾਉਣ ਲਈ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਅਮਿਤ ਕੋਹਲੀ, ਗੁਰਪ੍ਰੀਤ ਸਿੰਘ ਜਾਤੀਵਾਲ ਬਲਾਕ ਪ੍ਰਧਾਨ ਕਾਂਗਰਸ, ਲਾਲ ਸਿੰਘ ਟੌਹੜਾ, ਦਿਲਵਰ ਸਿੰਘ ਕਨਸੂਹਾ, ਹੰਸ ਰਾਜ ਮਸਤਾਨਾ,ਜਸਪਾਲ ਸਿੰਘ ਚੈਹਿਲ, ਜਤਿੰਦਰ ਸਿੰਘ ਬੰਟੀ ਸਿੱਧੂ, ਜਰਨੈਲ ਸਿੰਘ ਝੰਬਾਲੀ, ਪਰਗਟ ਸਿੰਘ ਭੜੀ, ਸਤਨਾਮ ਸਿੰਘ ਟਿਵਾਣਾ, ਬਲਵੀਰ ਸਿੰਘ ਟਿਵਾਣਾ, ਗੋਪਾਲ ਸਿੰਘ, ਗੁਰਮੇਲ ਸਿੰਘ ਸਾਹੀ, ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।