ਮੰਡੀ ਗੋਬਿੰਦਗੜ੍ਹ, 27 ਜੁਲਾਈ (ਰਾਜੇਸ਼ ਸ਼ਰਮਾ, ਇਕਬਲਦੀਪ ਸੰਧੂ)-ਅੰਤਰਰਾਸ਼ਟਰੀ ਕ੍ਰਿਸ਼ਨਾ ਭਾਵਨਾਮ੍ਰਿਤ ਸੰਘ (ਇਸਕਾਨ) ਦੇ ਸੰਸਥਾਪਕ ਆਚਾਰਿਆ ਪ੍ਰਭੁਪਾਦ ਦੀ ਪ੍ਰੇਰਣਾ ਸਦਕਾ ਅੰਤਰਰਾਸ਼ਟਰੀ ਸ੍ਰੀ ਕ੍ਰਿਸ਼ਨ ਭਗਤੀ ਸੰਘ ਚੰਡੀਗੜ੍ਹ ਦੇ ਸਹਿਯੋਗ ਨਾਲ ਇਸਕਾਨ ਫ਼ੈਸਟੀਵਲ ਕਮੇਟੀ ਵਲੋਂ ਮੰਡੀ ਗੋਬਿੰਦਗੜ੍ਹ ਵਿਖੇ 24ਵੀਂ ਭਗਵਾਨ ਸ੍ਰੀ ਜਗਨਨਾਥ ਜੀ ਦੀ ਵਿਸ਼ਾਲ ਰਥ ਯਾਤਰਾ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਕੱਢੀ ਗਈ। ਸਥਾਨਕ ਸ੍ਰੀ ਰਾਮ ਮੰਦਰ ਤੋਂ ਛੰਪਨ ਭੋਗ ਤੇ ਮਹਾਂ ਆਰਤੀ ਉਪਰੰਤ ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ ਤੇ ਪ੍ਰਧਾਨ ਰਾਜ ਗੋਇਲ ਦੀ ਅਗਵਾਈ ਹੇਠ ਰੁਦਰਾ ਅਲਾਇਜ਼ ਪ੍ਰਾਈਵੇਟ ਲਿਮਟਿਡ ਦੇ ਨਿਤਿਨ ਨਰੇਸ਼ ਗੁਪਤਾ ਅਤੇ ਅਸੀਮ ਗੁਪਤਾ ਨੇ ਵਿਧੀਵਤ ਪੂਜਾ-ਅਰਚਨਾ ਤੇ ਰਥ ਦੀ ਪਵਿੱਤਰ ਰੱਸੀ ਖਿੱਚ ਕੇ ਰਥ ਯਾਤਰਾ ਦੀ ਸ਼ੁਰੂਆਤ ਕਰਵਾਈ। ਇਹ ਯਾਤਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦੀ ਹੋਈ ਮੁੜ ਸ੍ਰੀ ਰਾਮ ਮੰਦਰ ਵਿਖੇ ਸਮਾਪਤ ਹੋਈ। ਇਸ ਦੌਰਾਨ ਫੁੱਲਾਂ ਨਾਲ ਸਜੇ ਵਿਸ਼ਾਲ ਰਥ ਵਿਚ ਭਗਵਾਨ ਜਗਨਨਾਥ, ਭਗਵਾਨ ਬਲਦੇਵ ਤੇ ਭੈਣ ਸੁਭਦਰਾ ਦੇ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ ਸਨ। ਇਸ ਮੌਕੇ ਰਥ ਯਾਤਰਾ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕੌਂਸਲ ਦੇ ਸੀਨੀਅਰ ਪ੍ਰਧਾਨ ਵਿਨੀਤ ਬਿੱਟੂ, ਕੌਂਸਲਰ ਅਮਿੱਤ ਠਾਕੁਰ, ਵਿਨੋਦ ਕੁਮਾਰ ਗੁੱਜਰ, ਸਤਿਆਪਾਲ ਲੋਧੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਰਾਜਿੰਦਰ ਬਿੱਟੂ, ਬਲਾਕ ਪ੍ਰਧਾਨ ਸੰਜੀਵ ਦੱਤਾ, ਬਲਾਕ ਦੇ ਕਾਰਜਕਾਰੀ ਪ੍ਰਧਾਨ ਡਿੰਪਲ ਸ਼ਰਮਾ ਸਮੇਤ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਉਨ੍ਹਾਂ ਰੱਥ ਦੀ ਰੱਸੀ ਖਿੱਚ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਰੱਥ ਦੇ ਅੱਗੇ ਭਗਤਾਂ ਨੇ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ, ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ, ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ ਮਹਾਂ ਮੰਤਰ ਦਾ ਸੰਕੀਰਤਨ ਕੀਤਾ, ਜਿਸ ਨਾਲ ਸਮੁੱਚਾ ਸ਼ਹਿਰ ਭਗਤੀ ਮਈ ਮਾਹੌਲ ਵਿਚ ਰੰਗਿਆ ਗਿਆ। ਰਸਤੇ ਭਰ ਸ਼ਰਧਾਲੂਆਂ ਲਈ ਪ੍ਰਸ਼ਾਦ, ਛਬੀਲਾਂ ਤੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਰੱਥ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਯੋਜਕ ਅਕਿੰਚਨ ਪ੍ਰਿਆ ਦਾਸ, ਪਵਨ ਸਚਦੇਵਾ ਤੇ ਰਾਜ ਗੋਇਲ ਨੇ ਦੱਸਿਆ ਕਿ ਭਗਵਾਨ ਜਗਨਨਾਥ ਦੀ ਰਥ ਯਾਤਰਾ ਸਦੀਆਂ ਤੋਂ ਜਗਨਨਾਥ ਪੁਰੀ ਵਿਖੇ ਕੱਢੀ ਜਾਂਦੀ ਆ ਰਹੀ ਹੈ। ਮੰਡੀ ਗੋਬਿੰਦਗੜ੍ਹ ਵਿਚ ਵੀ ਇਹ ਪਵਿੱਤਰ ਪਰੰਪਰਾ ਲਗਾਤਾਰ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਉਨ੍ਹਾਂ ਸ਼ਰਧਾਲੂਆਂ ਨੂੰ ਵੀ ਭਗਵਾਨ ਜਗਨਨਾਥ ਦੇ ਦਰਸ਼ਨਾਂ ਦਾ ਪੁੰਨ ਪ੍ਰਾਪਤ ਕਰਵਾਉਣਾ ਹੈ, ਜੋ ਕਿਸੇ ਕਾਰਨ ਜਗਨਨਾਥ ਪੁਰੀ ਨਹੀਂ ਜਾ ਸਕਦੇ। ਰੱਥ ਯਾਤਰਾ ਵਿਚ ਸ਼ਾਮਿਲ ਹੋ ਕੇ ਉਹ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ। ਇਸਕਾਨ ਫ਼ੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਮੁੱਖ ਸਰਪ੍ਰਸਤ ਜ਼ੋਨਲ ਸਕੱਤਰ ਮਹਾਮਨਦਾਸ ਅਧਿਕਾਰੀ, ਜ਼ੋਨਲ ਸੁਪਰਵਾਈਜ਼ਰ ਰੁਕਮਣੀ ਕ੍ਰਿਸ਼ਨ ਦਾਸ, ਅਕਰੂਰ ਨੰਦਨ ਦਾਸ ਤੇ ਸਹਿ ਪ੍ਰਧਾਨ (ਇਸਕਾਨ ਚੰਡੀਗੜ੍ਹ) ਪੇ੍ਰਮ ਦਾਸ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸਰਪ੍ਰਸਤ ਸੀਤਾ ਰਾਮ ਗੁਪਤਾ, ਪ੍ਰੇਮ ਬਾਂਸਲ, ਪ੍ਰਕਾਸ਼ ਚੰਦ ਗਰਗ, ਜੇ. ਪੀ. ਗੋਇਲ, ਨਾਰਾਇਣ ਸਿੰਗਲਾ, ਸੰਯੋਜਕ ਪ੍ਰਘੋਸ਼ ਦਾਸ, ਤੀਰਥਰਾਜ ਦਾਸ ਤੇ ਮਹਾਜਨ ਦਾਸ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਇਸਕਾਨ ਫ਼ੈਸਟੀਵਲ ਕਮੇਟੀ ਦੇ ਜਨਰਲ ਸਕੱਤਰ ਐਡ. ਆਰ. ਕੇ. ਬਸੀ, ਖ਼ਜ਼ਾਨਚੀ ਅਸ਼ੋਕ ਸਿੰਗਲਾ ਹੈਪੀ, ਵਾਈਸ ਚੇਅਰਮੈਨ ਰਮੇਸ਼ ਗੋਇਲ, ਬੌਬੀ ਕੌਸ਼ਲ, ਪਵਨ ਗੁਪਤਾ, ਆਨੰਦ ਪਨੇਸਰ, ਰਾਜਵੀਰ ਪਨੇਸਰ, ਰਾਜ ਗੋਇਲ, ਰਾਕੇਸ਼ ਕਾਂਸਲ, ਸੰਜੀਵ ਬਾਂਸਲ, ਹਰੀਸ਼ ਝਾਅ, ਜਤਿਨ ਕੌਸ਼ਲ, ਦਿਨੇਸ਼ ਮਹਿਤਾ, ਰਮੇਸ਼ ਸ਼ਰਮਾ, ਮੋਤੀ ਲਾਲ ਸੇਤੀਆ, ਵਰਿੰਦਰ ਪਨੇਸਰ (ਗੋਲਡੀ), ਅਭੈ ਪਨੇਸਰ ਤੇ ਹੋਰ ਅਹੁਦੇਦਾਰਾਂ ਨੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਸੰਭਾਲਿਆ।