ਜਲੰਧਰ, 30 ਜੁਲਾਈ (ਅ. ਬ.)- ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਤਣਾਅ ਤੇ ਚਿੰਤਾ ਆਮ ਗੱਲ ਬਣ ਗਏ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਨ੍ਹਾਂ ਦਾ ਸਿੱਧਾ ਅਸਰ ਸਾਡੇ ਪਚਣ ਤੰਤਰ ‘ਤੇ ਵੀ ਪੈਂਦਾ ਹੈ। ਸਾਡਾ ਦਿਮਾਗ ਤੇ ਪਚਣ ਤੰਤਰ ਆਪਸ ਵਿਚ ਗਹਿਰੇ ਤੌਰ ‘ਤੇ ਜੁੜੇ ਹੋਏ ਹਨ। ਇਸ ਲਈ ਮਾਨਸਿਕ ਤਣਾਅ ਕਾਰਨ ਕਬਜ਼, ਪੇਟ ਫੁਲਣਾ, ਐਸਿਡਿਟੀ, ਪੇਟ ਦਰਦ ਅਤੇ ਮਲ ਤਿਆਗ ਵਿਚ ਗੜਬੜ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਲਗਾਤਾਰ ਤਣਾਅ ਵਿਚ ਰਹਿਣ ਵਾਲੇ ਲੋਕ ਅਕਸਰ ਸਮੇਂ ‘ਤੇ ਭੋਜਨ ਨਹੀਂ ਕਰਦੇ, ਜੰਕ ਫੂਡ ਦਾ ਵੱਧ ਸੇਵਨ ਕਰਦੇ ਹਨ, ਪੂਰੀ ਨੀਂਦ ਨਹੀਂ ਲੈਂਦੇ ਤੇ ਸਰੀਰਕ ਕਸਰਤ ਵੀ ਘੱਟ ਕਰਦੇ ਹਨ। ਇਹ ਸਾਰੀਆਂ ਆਦਤਾਂ ਕਬਜ਼ ਨੂੰ ਵਧਾਉਂਦੀਆਂ ਹਨ, ਜੋ ਬਵਾਸੀਰ ਅਤੇ ਹੋਰ ਗੁਦਾ ਰੋਗਾਂ ਦਾ ਇਕ ਮੁੱਖ ਕਾਰਨ ਹੈ। ਕਈ ਮਰੀਜ਼ ਸਿਰਫ਼ ਦਵਾਈਆਂ ‘ਤੇ ਨਿਰਭਰ ਰਹਿੰਦੇ ਹਨ, ਜਦਕਿ ਉਨ੍ਹਾਂ ਦੀ ਸਮੱਸਿਆ ਦੀ ਜੜ੍ਹ ਤਣਾਅ ਅਤੇ ਗੈਰ-ਸਿਹਤਮੰਦ ਜੀਵਨਸ਼ੈਲੀ ਹੁੰਦੀ ਹੈ। ਤਣਾਅ ਨੂੰ ਕਾਬੂ ਵਿਚ ਰੱਖਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਸੰਤੁਲਿਤ ਭੋਜਨ ਕਰਨਾ। ਨਿਯਮਿਤ ਕਸਰਤ, ਯੋਗ, ਧਿਆਨ, ਪੂਰੀ ਨੀਂਦ, ਪ੍ਰਚੁਰ ਮਾਤਰਾ ਵਿੱਚ ਪਾਣੀ ਪੀਣਾ ਅਤੇ ਰੇਸ਼ੇਦਾਰ ਭੋਜਨ ਪਚਣ ਤੰਤਰ ਨੂੰ ਸਿਹਤਮੰਦ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇਕਰ ਕਬਜ਼, ਮਲ ਤਿਆਗ ਦੌਰਾਨ ਖ਼ੂਨ ਆਉਣਾ ਜਾਂ ਪੇਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਲਗਾਤਾਰ ਰਹੇ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ ਤੇ ਸਮੇਂ ਸਿਰ ਮਾਹਿਰ ਡਾਕਟਰ ਨਾਲ ਸਲਾਹ ਕਰੋ। ਸਿਹਤਮੰਦ ਮਨ ਤੇ ਸਿਹਤਮੰਦ ਪਚਣ ਤੰਤਰ ਇਕ-ਦੂਜੇ ਦੇ ਪੂਰਕ ਹਨ। ਜਦੋਂ ਅਸੀਂ ਆਪਣੇ ਮਾਨਸਿਕ ਸਿਹਤ ਦਾ ਧਿਆਨ ਰੱਖਦੇ ਹਾਂ, ਤਾਂ ਸਾਡਾ ਪਚਣ ਤੰਤਰ ਵੀ ਵਧੀਆ ਢੰਗ ਨਾਲ ਕੰਮ ਕਰਦਾ ਹੈ ਅਤੇ ਅਸੀਂ ਹੋਰ ਸਿਹਤਮੰਦ ਤੇ ਉਰਜਾਵਾਨ ਜੀਵਨ ਜੀ ਸਕਦੇ ਹਾਂ।