ਵਿਧਾਇਕ ਲਖਵੀਰ ਸਿੰਘ ਰਾਏ ਨੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸਰਹਿੰਦ ਵਿਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ
ਫ਼ਤਹਿਗੜ੍ਹ ਸਾਹਿਬ, 29 ਅਗਸਤ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਸੁੰਦਰ ਬਣਾਉਣ ਲਈ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ ਦੀ ਅਗਵਾਈ ਹੇਠ ਸਰਹਿੰਦ ਜੀ.
ਫ਼ਤਹਿਗੜ੍ਹ ਸਾਹਿਬ, 29 ਅਗਸਤ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਸੁੰਦਰ ਬਣਾਉਣ ਲਈ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ ਦੀ ਅਗਵਾਈ ਹੇਠ ਸਰਹਿੰਦ ਜੀ. ਟੀ. ਰੋਡ ਬੱਸ ਸਟੈਂਡ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸਫ਼ਾਈ ਕਾਰਜ ਕਰਵਾਏ ਗਏ। ਇਹ ਵਿਸ਼ੇਸ਼ ਸਫ਼ਾਈ ਮੁਹਿੰਮ 29 ਅਗਸਤ ਤੋਂ 9 ਸਤੰਬਰ ਤੱਕ ਨਿਰੰਤਰ ਜਾਰੀ ਰਹੇਗੀ। ਸਫ਼ਾਈ ਮੁਹਿੰਮ ਦੀ ਸ਼ੁਰੂਆਤ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਖ਼ੁਦ ਝਾੜੂ ਫੜ ਕੇ ਬੱਸ ਅੱਡੇ ਦੇ ਚੌਗਿਰਦੇ ਦੀ ਸਫ਼ਾਈ ਕੀਤੀ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ‘ਆਪ’ ਆਗੂਆਂ ਤੋਂ ਇਲਾਵਾ ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਜੱਸੀ, ਕੌਂਸਲਰ ਬਲਜਿੰਦਰ ਸਿੰਘ, ਰਾਮਪਾਲ ਸਿੰਘ , ਬੰਟੀ ਸੈਣੀ, ਬਲਦੇਵ ਸਿੰਘ ਭੱਲ ਮਾਜਰਾ, ਐਸ. ਡੀ. ਓ. ਸੀਵਰੇਜ ਬੋਰਡ ਰਜਨੀਸ਼ ਕੁਮਾਰ, ਕਾਰਜ ਸਾਧਕ ਅਫ਼ਸਰ ਸਰਹਿੰਦ ਅਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਦਾ ਉਦੇਸ਼ ਸਿਰਫ਼ ਸਫ਼ਾਈ ਕਰਨਾ ਹੀ ਨਹੀਂ , ਸਗੋਂ ਲੋਕਾਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਸ਼ਹਿਰ ਵਿਚ ਜਿਥੇ ਵੀ ਕੂੜੇ ਦੇ ਢੇਰ ਜਾਂ ਗੰਦਗੀ ਦੀ ਸਮੱਸਿਆ ਹੈ, ਉਨ੍ਹਾਂ ਥਾਵਾਂ ਦੀ ਵਿਸ਼ੇਸ਼ ਤੌਰ ’ਤੇ ਨਿਸ਼ਾਨਦੇਹੀ ਕਰਕੇ ਸਫ਼ਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਨਾਲ ਸਰਹਿੰਦ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਸ਼ਹਿਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਮਿਸ਼ਨ ਕਲੀਨ ਪੰਜਾਬ’ ਨੂੰ ਸਫਲ ਬਣਾਉਣ ਲਈ ਆਪਣਾ ਸਰਗਰਮ ਸਹਿਯੋਗ ਦੇਣ ਅਤੇ ਸ਼ਹਿਰ ਦੀ ਸਫ਼ਾਈ ਤੇ ਸੁੰਦਰੀਕਰਨ ਸੰਬੰਧੀ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਾਂਝੇ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਨਾਲ ਹੀ ਸਾਫ਼-ਸੁਥਰੇ ਅਤੇ ਸੁੰਦਰ ਪੰਜਾਬ ਦਾ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੂੜੇ ਦੀ ਸਮੱਸਿਆ ਦੇ ਹੱਲ ਲਈ ਨਵਾਂ ਸੈਗਰੀਗੇਸ਼ਨ ਪ੍ਰਾਜੈਕਟ ਕੂੜਾ ਚੁੱਕਣ ਵਾਲੀਆਂ ਗੱਡੀਆਂ ਅਤੇ ਡੰਪਿੰਗ ਨਾਲ ਸਬੰਧਿਤ ਸਮੱਸਿਆ ਦੇ ਸਥਾਈ ਹੱਲ ਲਈ ਨਵੇਂ ਸੈਗਰੀਗੇਸ਼ਨ ਪ੍ਰਾਜੈਕਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਤਹਿਤ ਕੂੜੇ ਦੀ ਛਾਂਟੀ (ਸੈਗਰੀਗੇਸ਼ਨ) ਸ਼ਹਿਰ ਤੋਂ ਬਾਹਰ ਹੀ ਕੀਤੀ ਜਾਵੇਗੀ, ਜਿਸ ਨਾਲ ਸ਼ਹਿਰ ਦੇ ਅੰਦਰ ਕੂੜਾ ਡੰਪ ਕਰਨ ਦੀ ਲੋੜ ਕਾਫ਼ੀ ਹੱਦ ਤੱਕ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਢੇਰਾਂ, ਬਦਬੂ ਅਤੇ ਗੰਦਗੀ ਤੋਂ ਰਾਹਤ ਮਿਲੇਗੀ ਅਤੇ ਸ਼ਹਿਰ ਦੀ ਸਫ਼ਾਈ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਫ਼-ਸੁਥਰੇ ਤੇ ਵਾਤਾਵਰਨ ਪੱਖੋਂ ਬਿਹਤਰ ਪੰਜਾਬ ਦੀ ਸਿਰਜਣਾ ਲਈ ਵਚਨਬੱਧ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ ਨੇ ਵੀ ਸ਼ਹਿਰ ਵਾਸੀਆਂ ਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਤੇ ਕੂੜੇ ਦਾ ਪ੍ਰਬੰਧਨ ਸਹੀ ਤਰੀਕੇ ਨਾਲ ਕਰਨ ਦੀ ਅਪੀਲ ਕੀਤੀ ਤੇ ਉਹ ਆਪਣੇ ਘਰਾਂ ਦਾ ਕੂੜਾ ਨਗਰ ਕੌਂਸਲ ਦੁਆਰਾ ਰਖਵਾਏ ਗਏ, ਕੂੜਾਦਾਨਾਂ ਜਾਂ ਨਗਰ ਕੌਂਸਲ ਦੀਆਂ ਗੱਡੀਆਂ ’ਚ ਹੀ ਪਾਉਣ ਤਾਂ ਜੋ ਸ਼ਹਿਰ ਨੂੰ ਦਿੱਖ ਪੱਖੋਂ ਹੋਰ ਸੁੰਦਰ ਬਣਾਇਆ ਜਾ ਸਕੇ।