ਪ੍ਰੋ: ਪੂਰਨ ਸਿੰਘ ਦੀਆਂ ਅੰਗਰੇਜ਼ੀ ਲਿਖਤਾਂ ਤੇ ਬੌਧਿਕ ਵਿਰਾਸਤ ’ਤੇ ਭਾਸ਼ਨ ਲੜੀ ਦੀ ਸ਼ੁਰੂਆਤ
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਲੋਂ ਪ੍ਰੋਫੈਸਰ ਪੂਰਨ ਸਿੰਘ ਯਾਦਗਾਰੀ ਭਾਸ਼ਣ ਲੜੀ ਦੀ ਸ਼ੁਰੂਆਤ ਕੀਤੀ ਗਈ। ਇਸ ਲੜੀ ਅਧੀਨ ਪਹਿਲਾ ਭਾਸ਼ਣ-‘ਪਾਠ ਤੋਂ ਖੋਜ ਤੱਕ ਪ੍ਰੋ.
ਵ
ਵਿਸ਼ਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ, ਵਿਭਾਗ ਦੇ ਮੁਖੀ ਡਾ. ਅੰਕਦੀਪ ਕੌਰ ਅਟਵਾਲ ਤੇ ਹੋਰ ਪ੍ਰਬੰਧਕ ਪ੍ਰੋ. ਸਤੀਸ਼ ਵਰਮਾ ਦਾ ਸਨਮਾਨ ਕਰਦੇ ਹੋਏ। ਅਜੀਤ ਤਸਵੀਰ
11-10-2026
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਲੋਂ ਪ੍ਰੋਫੈਸਰ ਪੂਰਨ ਸਿੰਘ ਯਾਦਗਾਰੀ ਭਾਸ਼ਣ ਲੜੀ ਦੀ ਸ਼ੁਰੂਆਤ ਕੀਤੀ ਗਈ। ਇਸ ਲੜੀ ਅਧੀਨ ਪਹਿਲਾ ਭਾਸ਼ਣ-‘ਪਾਠ ਤੋਂ ਖੋਜ ਤੱਕ ਪ੍ਰੋ. ਪੂਰਨ ਸਿੰਘ ਦੀਆਂ ਅੰਗਰੇਜ਼ੀ ਲਿਖਤਾਂ ਅਤੇ ਬੌਧਿਕ ਵਿਰਾਸਤ ਦੀ ਪੜਚੋਲ’ ਵਿਸ਼ੇ ’ ਤੇ ਕਰਵਾਇਆ ਗਿਆ। ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਆਯੋਜਿਤ ਇਸ ਪਹਿਲਕਦਮੀ ਦਾ ਉਦੇਸ਼ ਪ੍ਰੋਫੈਸਰ ਪੂਰਨ ਸਿੰਘ ਦੇ ਸਾਹਿਤਕ, ਦਾਰਸ਼ਨਿਕ ਅਤੇ ਬੌਧਿਕ ਯੋਗਦਾਨ ਨਾਲ ਨਿਰੰਤਰ ਅਕਾਦਮਿਕ ਸੰਵਾਦ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਤੇ ਨੌਜਵਾਨ ਖੋਜਾਰਥੀਆਂ ਨੂੰ ਉਨ੍ਹਾਂ ਦੀਆਂ ਅੰਗਰੇਜ਼ੀ ਲਿਖਤਾਂ ਦੇ ਆਲੋਚਨਾਤਮਿਕ ਅਧਿਐਨ ਲਈ ਨਵੇਂ ਖੋਜ-ਮਾਰਗਾਂ ਦੀ ਪੜਚੋਲ ਕਰਨ ਵਾਸਤੇ ਪ੍ਰੇਰਿਤ ਕਰਨਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਦੀ ਬਹੁਪੱਖੀ ਬੌਧਿਕ ਵਿਰਾਸਤ ਦੀ ਸਦੀਵੀ ਪ੍ਰਸੰਗਿਕਤਾ ਅਤੇ ਪੰਜਾਬ ਦੀਆਂ ਸਾਹਿਤਕ ਤੇ ਦਾਰਸ਼ਨਿਕ ਪਰੰਪਰਾਵਾਂ ਨੂੰ ਸਮਕਾਲੀ ਅਕਾਦਮਿਕ ਚਿੰਤਨ ਨਾਲ ਜੋੜਨ ਦੀ ਮਹੱਤਤਾ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਖ਼ਿੱਤੇ ਦੀ ਅਮੀਰ ਬੌਧਿਕ ਵਿਰਾਸਤ ਦੀ ਸੰਭਾਲ ਅਤੇ ਨਵੇਂ ਸੰਦਰਭਾਂ ਵਿਚ ਪੁਨਰ-ਵਿਆਖਿਆ ਕਰਦਿਆਂ ਆਲੋਚਨਾਤਮਿਕ ਚਿੰਤਨ, ਮੌਲਿਕ ਵਿਦਵਤਾ ਅਤੇ ਅੰਤਰ-ਅਨੁਸ਼ਾਸਨੀ ਖੋਜ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਉਨ੍ਹਾਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖਤਾਂ ਅਤੇ ਵਿਚਾਰਾਂ ਦੇ ਡੂੰਘੇ ਅਧਿਐਨ ਲਈ ਸਮਰਪਿਤ ਮੰਚ ਸਥਾਪਿਤ ਕਰਨ ਵਾਸਤੇ ਅੰਗਰੇਜ਼ੀ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਤੇ ਡੀਨ ਯੁਵਕ ਭਲਾਈ ਡਾ. ਸਤੀਸ਼ ਕੁਮਾਰ ਵਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਸਾਹਿਤਕ ਖੋਜ ਅਤੇ ਬੌਧਿਕ ਪਰੰਪਰਾਵਾਂ ਦੀ ਮਹੱਤਤਾ ਬਾਰੇ ਕੀਮਤੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਵਿਚਾਰਾਂ ਨੇ ਪ੍ਰੋਫੈਸਰ ਪੂਰਨ ਸਿੰਘ ਦੇ ਸਾਹਿਤਕ ਅਤੇ ਚਿੰਤਨਮਈ ਯੋਗਦਾਨ ਨਾਲ ਸਬੰਧਿਤ ਅਕਾਦਮਿਕ ਵਿਚਾਰ-ਵਟਾਂਦਰੇ ਨੂੰ ਹੋਰ ਸਮ੍ਰਿੱਧ ਕੀਤਾ। ਪਲੇਠਾ ਭਾਸ਼ਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਡਾ. ਜਸਵਿੰਦਰ ਸਿੰਘ ਵਲੋਂ ਦਿੱਤਾ ਗਿਆ। ਡਾ. ਜਸਵਿੰਦਰ ਸਿੰਘ ਨੇ ਇਨ੍ਹਾਂ ਲਿਖਤਾਂ ਦੀ ਦਾਰਸ਼ਨਿਕ ਡੂੰਘਾਈ ਅਤੇ ਨਵੇਂ ਖੋਜ-ਸਵਾਲ ਪੈਦਾ ਕਰਨ ਦੀ ਸਮਰੱਥਾ ਨੂੰ ਉਜਾਗਰ ਕੀਤਾ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਅੰਕਦੀਪ ਕੌਰ ਅਟਵਾਲ ਨੇ ਸਾਹਿਤਕਾਰ, ਵਿਗਿਆਨੀ, ਰਹੱਸਵਾਦੀ ਚਿੰਤਕ ਅਤੇ ਮਾਨਵਵਾਦੀ ਵਜੋਂ ਪ੍ਰੋਫੈਸਰ ਪੂਰਨ ਸਿੰਘ ਦੀ ਨਿਰੰਤਰ ਪ੍ਰਸੰਗਿਕਤਾ ’ਤੇ ਚਾਨਣਾ ਪਾਇਆ। ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਯਾਦਗਾਰੀ ਭਾਸ਼ਣ ਲੜੀ ਲਈ ਦਲਬੀਰ ਸਿੰਘ ਰਤਨ ਵਲੋਂ ਦਿੱਤੇ ਗਏ ਬਹੁਮੁੱਲੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਦਲਬੀਰ ਸਿੰਘ ਰਤਨ ਨੇ ਪੰਜਾਬ ਦੀ ਅਮੀਰ ਸਾਹਿਤਕ, ਸਭਿਆਚਾਰਕ ਅਤੇ ਬੌਧਿਕ ਵਿਰਾਸਤ ਦੀ ਸੰਭਾਲ ਤੇ ਪ੍ਰਚਾਰ-ਪ੍ਰਸਾਰ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਸਮਾਗਮ ਦਾ ਸੰਚਾਲਨ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਬਲਜੀਤ ਕੌਰ ਨੇ ਕੀਤਾ।