ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀਆਂ ਦਾ
ਐਸ. ਜੀ. ਪੀ. ਸੀ. ਮੈਂਬਰ ਅਵਤਾਰ ਸਿੰਘ ਰਿਆ ਨੇ ਵਿਧਾਇਕ ਖ਼ਿਲਾਫ਼ ਪੁਲਿਸ ਕੋਲ ਦਰਜ ਕਰਵਾਏ ਬਿਆਨ
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ (ਬਲਜਿੰਦਰ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਹਲਕਾ ਬਸੀ ਪਠਾਣਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਅਕਾਲੀ ਦਲ ਐਸ. ਸੀ ਵਿੰਗ ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਸਬੰਧੀ ਅੱਜ ਜਾਂਚ ਅਧਿਕਾਰੀ ਡੀ.
ਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ,ਐਡ. ਅਮਰਦੀਪ ਸਿੰਘ ਧਾਰਨੀ, ਕੌਮੀ ਮੀਤ ਪ੍ਰਧਾਨ ਮਨਮੋਹਨ ਸਿੰਘ ਮਕਾਰੋਂਪੁਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਜਾਂਚ ਅਧਿਕਾਰੀ ਕੋਲ ਸਿਕਾਇਤ ਦਰਜ ਕਰਵਾੳਂਦੇ ਹੋਏ।
24-10-2026
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ (ਬਲਜਿੰਦਰ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਹਲਕਾ ਬਸੀ ਪਠਾਣਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਅਕਾਲੀ ਦਲ ਐਸ. ਸੀ ਵਿੰਗ ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਸਬੰਧੀ ਅੱਜ ਜਾਂਚ ਅਧਿਕਾਰੀ ਡੀ.ਐਸ.ਪੀ. (ਡੀ) ਫ਼ਤਹਿਗੜ੍ਹ ਸਾਹਿਬ ਖੁਸ਼ਪ੍ਰੀਤ ਸਿੰਘ ਕੋਲ ਆਪਣੇ ਬਿਆਨ ਦਰਜ ਕਰਵਾਏ ਗਏ। ਇਹ ਸ਼ਿਕਾਇਤ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਭੜਕਾਉਣ ਦੇ ਦੋਸ਼ਾਂ ਤਹਿਤ ਜਿਲ੍ਹਾ ਪੁਲਿਸ ਮੁੱਖੀ ਫ਼ਤਹਿਗੜ੍ਹ ਸਾਹਿਬ ਸ਼ੁਭਮ ਅਗਰਵਾਲ ਕੋਲ ਦਿੱਤੀ ਗਈ ਸੀ। ਇਸ ਮਾਮਲੇ ਵਿਚ ਜਥੇਦਾਰ ਅਵਤਾਰ ਸਿੰਘ ਰਿਆ ਵਲੋਂ ਆਪਣੇ ਸੀਨੀਅਰ ਵਕੀਲ ਐਡ. ਅਮਰਦੀਪ ਸਿੰਘ ਧਾਰਨੀ ਰਾਹੀਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਰਿਆ,ਐਡ. ਅਮਰਦੀਪ ਸਿੰਘ ਧਾਰਨੀ, ਕੌਮੀ ਮੀਤ ਪ੍ਰਧਾਨ ਮਨਮੋਹਨ ਸਿੰਘ ਮਕਾਰੋਂਪੁਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਵਲੋਂ ਜਿਲ੍ਹਾ ਪੁਲਿਸ ਮੁੱਖੀ ਨਾਲ ਮੁਲਾਕਾਤ ਕਰਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਵਿਧਾਇਕ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਵਰਤੇ ਗਏ ਕਥਿਤ ਇਤਰਾਜ਼ਯੋਗ ਸ਼ਬਦਾਂ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਆਗੂਆਂ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁੱਖੀ ਵਲੋਂ ਇਸ ਸ਼ਿਕਾਇਤ ਦੀ ਜਾਂਚ ਡੀ. ਐਸ. ਪੀ. (ਡੀ) ਖੁਸ਼ਪ੍ਰੀਤ ਸਿੰਘ ਨੂੰ ਸੌਂਪੀ ਗਈ ਸੀ। ਇਸੇ ਜਾਂਚ ਪ੍ਰਕਿਰਿਆ ਤਹਿਤ ਅੱਜ ਅਵਤਾਰ ਸਿੰਘ ਰਿਆ ਨੇ ਜਾਂਚ ਅਧਿਕਾਰੀ ਕੋਲ ਆਪਣੇ ਬਿਆਨ ਦਰਜ ਕਰਵਾਏ। ਉਨ੍ਹਾਂ ਕਿਹਾ ਕਿ ਸ਼ਿਕਾਇਤ ਵਿਚ ਦਰਜ ਤੱਥਾਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦੀ ਸਰਵਉੱਚ ਧਾਰਮਿਕ ਸੰਸਥਾ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕਥਿਤ ਅਪਮਾਨਜਨਕ ਟਿੱਪਣੀ ਨੂੰ ਸਿੱਖ ਭਾਈਚਾਰਾ ਗੰਭੀਰਤਾ ਨਾਲ ਲੈਂਦਾ ਹੈ। ਜਿਸ ਕਾਰਨ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਅਤੇ ਕਾਨੂੰਨ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੁਲਿਸ ਵਲੋਂ ਸ਼ਿਕਾਇਤ ਦੀ ਗੰਭੀਰਤਾ ਨਾਲ ਜਾਂਚ ਕਰਕੇ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਮਕਸਦ ਧਾਰਮਿਕ ਸੰਸਥਾ ਪ੍ਰਤੀ ਕਥਿਤ ਇਤਰਾਜ਼ਯੋਗ ਟਿੱਪਣੀਆਂ ਸਬੰਧੀ ਕਾਨੂੰਨੀ ਪ੍ਰਕਿਰਿਆ ਰਾਹੀਂ ਇਨਸਾਫ਼ ਪ੍ਰਾਪਤ ਕਰਨਾ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਨਿਰਮਲ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।