28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕਹਾਣੀ ਮੰਤਰ

ਕਹਾਣੀ ਮੰਤਰ

Ad Position 21
No active advertisement
ਅਜੀਤ ਡੈਸਕ 29-11-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

 'ਕਿਉਂ ਬੇਟੀ! ਸੁੱਖ ਤਾਂ ਹੈ? ਕੀ ਗੱਲ ਹੋ ਗਈ?' ਉਸ ਦੀ ਮਾਂ ਸੁਸ਼ਮਾ ਨੇ ਚਿੰਤਾਤੁਰ ਹੁੰਦਿਆਂ ਪੁੱਛਿਆ | 
'ਮੰਮੀ! ਮੈਂ ਤੰਗ ਆਈ ਪਈ ਆਂ ਇਸ ਟੱਬਰ ਤੋਂ, ਮੇਰੇ ਤੋਂ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ, ਮੈਂ ਘਰ ਦਾ ਸਾਰਾ ਕੰਮ ਕਰਦੀ ਆਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ, ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਇਸ ਘਰ ਦੀ ਨੂੰਹ ਹਾਂ ਕਿ ਨੌਕਰਾਣੀ?'
 'ਬੇਟੀ! ਤੂੰ ਕਦੇ ਪੇਕੇ ਘਰ ਡੱਕਾ ਭੰਨ ਕੇ ਦੂਹਰਾ ਨਹੀਂ ਸੀ ਕੀਤਾ, ਇਸੇ ਵਜ੍ਹਾ ਕਰਕੇ ਤੈਨੂੰ ਸਹੁਰੇ ਘਰ ਵਿਚ ਔਖ ਆ ਰਹੀ ਹੈ, ਜਦੋਂ ਮੈਂ ਤੈਨੂੰ ਕੋਈ ਕੰਮ ਕਰਨ ਵਾਸਤੇ ਕਹਿਣਾ ਉਦੋਂ ਤੂੰ ਮੈਨੂੰ ਚਾਰੇ ਖੁਰ ਚੱਕ ਕੇ ਪੈਂਦੀ ਹੁੰਦੀ ਸੀ, ਹੁਣ ਦੱਸ ਮੈਂ ਕੀ ਕਰ ਸਕਦੀ ਹਾਂ?'
 'ਤੁਸੀਂ ਹੋਰ ਕੁਝ ਨਹੀਂ ਕਰਨਾ, ਬੱਸ ਤੁਸੀਂ ਆ ਕੇ ਮੈਨੂੰ ਇਸ ਜੇਲ੍ਹ ਖਾਨੇ ਤੋਂ ਆਜ਼ਾਦ ਕਰਵਾ ਕੇ ਲੈ ਜਾਉ |'
'ਅੱਛਾ! ਮੈਂ ਆ ਤਾਂ ਜਾਵਾਂਗੀ ਪਰ ਤੂੰ ਮੈਨੂੰ ਏਨਾ ਕੁ ਦੱਸ ਦੇ ਕਿ ਘਰ ਵਿਚ ਕੋਈ ਲੜਾਈ ਕਲੇਸ਼ ਤਾਂ ਨਹੀਂ ਹੋਇਆ? 'ਮਾਂ ਨੇ ਉਸ ਨੂੰ ਕੁਰੇਦਿਆ | 
'ਲੜਾਈ ਕਲੇਸ਼ ਕਰਕੇ ਹੀ ਤਾਂ ਮੈਂ ਆਉਣਾ ਚਾਹੁੰਦੀ ਹਾਂ, ਹੋਰ ਮੈਨੂੰ ਇਥੇ ਬਹੁਤ 'ਫੁੱਲਾਂ ਦੇ ਹਾਰ' ਪੈਂਦੇ ਨੇ |'
 'ਬੇਟੀ! ਜੇ ਇਹ ਗੱਲ ਏ ਤਾਂ ਤੂੰ ਮੈਨੂੰ ਇਹ ਦੱਸ ਕਿ ਕੀ ਤੂੰ ਉਹੀ 'ਫੁੱਲਾਂ ਦੇ ਹਾਰ' ਆਪਣੀ ਮਾਂ ਦੇ ਗਲ ਵਿਚ ਪਵਾਉਣਾ ਚਾਹੁੰਨੀ ਏਾ? ਤੇਰੀ ਸੱਸ ਮੇਰੇ ਅੱਗੇ ਤੇਰੀਆਂ ਸ਼ਿਕਾਇਤਾਂ ਦਾ ਪਿਟਾਰਾ ਖੋਲ੍ਹ ਕੇ ਨਹੀਂ ਰੱਖ ਦੇਵੇਗੀ? ਉਸ ਸਮੇਂ ਕੀ ਤੂੰ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਮਾਂ ਦੀ ਲਾਹ-ਪਾਹ ਹੁੰਦੀ ਬਰਦਾਸ਼ਤ ਕਰ ਲਵੇਂਗੀ ? ਦੂਜੀ ਸਮੱਸਿਆ! ਜੇਕਰ ਕੋਈ ਉੱਚਾ ਨੀਵਾਂ ਬੋਲ ਮੇਰੇ ਮੂੰਹੋਂ ਨਿਕਲ ਗਿਆ ਤਾਂ ਤੈਨੂੰ ਪਤੈ ? ਗੱਲ ਕਿੱਥੇ ਜਾ ਕੇ ਨਿਬੜੇਗੀ?'
 ਮਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੁੰਦੀ ਕੁੜੀ ਭਿੱਜੀ ਬਿੱਲੀ ਵਾਂਗ ਸੁੰਗੜ ਕੇ ਬੋਲੀ, 'ਮੰਮੀ! ਇਉਂ ਤਾਂ ਮੈਂ ਸੋਚਿਆ ਹੀ ਨਹੀਂ ਸੀ |'
'ਪੁੱਤ! ਸਿਆਣਿਆਂ ਦੀ ਕਹਾਵਤ ਹੈ ਕਿ ਹੱਥਾਂ ਦੀਆਂ ਦਿੱਤੀਆਂ ਫੇਰ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਨੇ, ਜੇ ਪਹਿਲਾਂ ਹੀ ਮੇਰੇ ਆਖੇ ਲੱਗ ਕੇ ਘਰ ਦੇ ਸਾਰੇ ਕੰਮ ਸਬਰ ਸਹਿਜ ਤੇ ਹਿੰਮਤ ਨਾਲ ਕਰਨੇ ਸਿੱਖ ਲੈਂਦੀ ਤਾਂ ਅੱਜ ਇਹ ਨੌਬਤ ਹੀ ਨਹੀਂ ਸੀ ਆਉਣੀ! ਜਦੋਂ ਸਿੱਖਣ ਦਾ ਵੇਲਾ ਸੀ, ਉਦੋਂ ਤਾਂ ਨਾ ਤੇਰੇ ਅਛਨੇ ਪਛਨੇ ਈ ਸੂਤ ਆਉਂਦੇ ਸੀ, ਨਾ ਤੈਨੂੰ ਟੀ. ਵੀ ਸੀਰੀਅਲਾਂ ਤੋਂ ਵਿਹਲ ਮਿਲਦੀ ਸੀ' | ਮਾਂ ਨੇ ਉਸ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ | 
ਕੁੜੀ ਦੇ ਕਪਾਟ ਖੁੱਲ੍ਹ ਗਏ ਸਨ | ਉਹ ਕੱਚੀ ਜਿਹੀ ਹੁੰਦੀ ਬੋਲੀ, 'ਹਾਂ ਮੰਮੀ! ਮੈਂ ਮੰਨਦੀ ਹਾਂ ਕਿ ਬਹੁਤ ਸਾਰੀਆਂ ਥਾਵਾਂ ਤੇ ਮੈਂ ਹੀ ਗ਼ਲਤ ਹਾਂ ਪਰ ਹੁਣ ਤੁਸੀਂ ਹੀ ਦੱਸੋ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ?'
 'ਤੂੰ ਹੋਰ ਕੁਝ ਨਹੀਂ ਕਰਨਾ, ਸਭ ਤੋਂ ਪਹਿਲੀ ਗੱਲ, ਸਵੇਰੇ ਸੁਵਖਤੇ ਉੱਠਣਾ ਸ਼ੁਰੂ ਕਰ ਦੇ, ਆਪਣੇ ਵਰਤੋਂ ਵਿਹਾਰ ਵਿਚ, ਆਪਣੀ ਬੋਲ ਚਾਲ ਵਿਚ ਬਿਨਾਂ ਦੇਰੀ ਕੀਤੇ ਅੱਜ ਤੋਂ ਹੀ ਤਬਦੀਲੀ ਕਰਨ ਦੀ ਕੋਸ਼ਿਸ਼ ਵਿਚ ਜੁਟ ਜਾ, ਜ਼ੁਬਾਨ ਨੂੰ ਸਹੁੰਾ ਪਵਾ ਦੇ ਬਈ ਅੱਜ ਤੋਂ ਘਰ ਦੇ ਕਿਸੇ ਵੀ ਜੀਅ ਨੂੰ ਉੱਚਾ ਨੀਵਾਂ ਨਹੀਂ ਬੋਲਣਾ, ਬੋਲਣਾ ਘੱਟ ਹੈ ਸੁਣਨਾ ਵੱਧ ਹੈ, ਹਰੇਕ ਕੰਮ ਮੂਹਰੇ ਹੋ ਕੇ ਪੂਰੀ ਰੀਝ ਨਾਲ ਕਰਨਾ ਹੈ, ਪਤੀ ਤੇ ਸੱਸ ਨਾਲ 'ਹਾਂ ਜੀ 'ਤੋਂ ਬਿਨਾਂ ਗੱਲ ਨਹੀਂ ਕਰਨੀ, ਮੈਂ ਤੈਨੂੰ ਲੈਣ ਜ਼ਰੂਰ ਆਵਾਂਗੀ, ਤੇਰੇ ਨਾਲ ਵਾਅਦਾ ਰਿਹਾ, ਬੱਸ ਮੇਰੀ ਇਕੋ ਹੀ ਖਾਹਿਸ਼ ਹੈ ਕਿ ਤੇਰੀ ਸੱਸ ਮੇਰੇ ਕੋਲ ਤੇਰੀ ਏਨੀ ਤਾਰੀਫ਼ ਕਰੇ ਕਿ ਮੈਨੂੰ ਤੇਰੇ ਵਰਗੀ ਧੀ ਜੰਮਣ ਦਾ ਫ਼ਖ਼ਰ ਮਹਿਸੂਸ ਹੋਵੇ, ਸਮਝ ਗਈ ਏਾ ਨਾ?'
'ਹਾਂ ਜੀ! ਮੰਮੀ ਜੀ! ਸਭ ਸਮਝ ਗਈ ਹਾਂ |' ਕਾਸ਼! ਕਿ ਮੈਂ ਤੁਹਾਡੀਆਂ ਇਨ੍ਹਾਂ ਗੱਲਾਂ 'ਤੇ ਪਹਿਲਾਂ ਹੀ ਗ਼ੌਰ ਕੀਤੀ ਹੁੰਦੀ |'
 'ਬੇਟੀ! ਅਜੇ ਵੀ ਡੁੱਲਿ੍ਹਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਬੱਸ ਜਿਹੜੀਆਂ ਗੱਲਾਂ ਮੈਂ ਤੈਨੂੰ ਸਮਝਾਈਆਂ ਹਨ ਬਿਨਾਂ ਦੇਰੀ ਕੀਤਿਆਂ ਅੱਜ ਤੋਂ ਹੀ ਉਨ੍ਹਾਂ 'ਤੇ ਅਮਲ ਕਰਨਾ ਸ਼ੁਰੂ ਕਰ ਦੇ, ਫੇਰ ਨਤੀਜਾ ਤੂੰ ਖੁਦ ਦੇਖ ਲਵੀਂ |'
ਜਿਸ ਦਿਨ ਮਾਵਾਂ ਧੀਆਂ ਦੀ ਫੋਨ 'ਤੇ ਇਹ ਗੱਲਬਾਤ ਹੋਈ ਸੀ, ਨੂੰਹ ਸੱਸ ਵਿਚਕਾਰ ਸੁਲ੍ਹਾ ਵੀ ਉਸੇ ਦਿਨ ਦੀ ਸ਼ਾਮ ਨੂੰ ਹੀ ਹੋਈ ਸੀ | ਉਸੇ ਦਿਨ ਤੋਂ ਹੀ ਅਰਚਨਾ ਸੱਸ ਦੇ ਅੱਗੇ ਪਿੱਛੇ ਫਿਰ ਰਹੀ ਸੀ | ਸਮੇਂ ਸਿਰ ਉੱਠਦੀ, ਮਿੱਠਾ ਬੋਲਦੀ, ਸੱਸ ਨੂੰ ਸਮੇਂ ਸਿਰ ਖਾਣਾ ਤੇ ਦਵਾਈ ਦਿੰਦੀ, ਉਸ ਦੇ ਹੱਥਾਂ ਵਿਚੋਂ ਖੋਹ ਕੇ ਹਰੇਕ ਕੰਮ ਆਪ ਮੂਹਰੇ ਹੋ ਕੇ ਕਰਦੀ, ਪਤੀ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਤੇ ਦੋਹਾਂ ਮਾਂ ਪੁੱਤਰ ਦੀ ਆਗਿਆ ਦਾ ਪਾਲਣ ਕਰਦੀ | ਹੁਣ ਘਰ ਵਿਚ ਸੁਖ ਸ਼ਾਂਤੀ ਸੀ | ਸਭ ਲੜਾਈ ਕਲੇਸ਼ ਮੁੱਕ ਗਏ ਸਨ | ਪਰਿਵਾਰ ਵਿਚ ਖ਼ੁਸ਼ੀਆਂ ਮੋਰ ਵਾਂਗ ਪੈਲਾਂ ਪਾਉਂਦੀਆਂ ਫਿਰਦੀਆਂ ਸਨ | ਦੋ ਤਿੰਨ ਮਹੀਨੇ ਇਸੇ ਤਰ੍ਹਾਂ ਹੀ ਬੀਤ ਗਏ | ਇਕ ਦਿਨ ਅਰਚਨਾ ਨੇ ਫੇਰ ਆਪਣੀ ਮਾਂ ਨੂੰ ਫੋਨ ਕੀਤਾ, 'ਮੰਮੀ! ਤੁਸੀਂ ਮੈਨੂੰ ਕਦੋਂ ਲੈਣ ਆਵੋਗੇ? 'ਤੁਹਾਡਾ ਦੱਸਿਆ ਮੰਤਰ ਮੇਰੇ ਬਹੁਤ ਹੀ ਕੰਮ ਆਇਆ, ਥੈਂਕ ਯੂ ਮੰਮੀ |' ਹੁਣ ਤੁਸੀਂ ਇਥੇ ਪੂਰੇ ਸਨਮਾਨ ਨਾਲ ਆਵੋਗੇ, ਤੁਹਾਨੂੰ ਮੇਰੀ ਸੱਸ ਮਾਂ ਵੱਲੋਂ ਇਕ ਵੀ ਸ਼ਿਕਾਇਤ ਸੁਣਨ ਨੂੰ ਨਹੀਂ ਮਿਲੇਗੀ, ਅੱਵਲ ਤਾਂ ਤੁਸੀਂ ਸਾਨੂੰ ਮਿਲਣ ਹੀ ਆ ਜਾਇਉ, ਬੱਸ ਮੇਰੇ ਲਈ ਤਾਂ ਏਨਾ ਹੀ ਬਹੁਤ ਹੈ, ਹੁਣ ਮੈਂ ਤੁਹਾਡੇ ਕੋਲ ਆ ਕੇ ਕਰਨਾ ਵੀ ਕੀ ਐ! ਮੈਂ ਤਾਂ ਆਪਣੇ ਘਰੇ ਮੌਜਾਂ ਕਰ ਰਹੀ ਹਾਂ |' (ਸਮਾਪਤ)

-ਪਿੰਡ ਤੇ ਡਾਕਘਰ ਚੌਕੀਮਾਨ ਜਗਰਾਉਂ (ਲੁਧਿਆਣਾ)
ਮੋਬਾਈਲ : 7814698117 

Ad Position 22
No active advertisement
ਪਿਛਲੀ ਖ਼ਬਰ ਜਗੀਰ ਸੱਧਰ ਅਗਲੀ ਖ਼ਬਰ ਸਮਝ ਨਾ ਆਵੇ
Ad Position 24