ਧਿਆਨਪੁਰ, 31 ਦਸੰਬਰ (ਕੁਲਦੀਪ ਸਿੰਘ ਸੋਨੂੰ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਜਨਵਰੀ ਨੂੰ ਬਾਬਾ ਮਹਿਮਾ ਸਾਹਿਬ ਗੁਰਦੁਆਰਾ ਮਹਿਮੇ ਚੱਕ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਅਤੇ ਮਹਾਨ ਤਪਸਵੀ ਸ੍ਰੀ ਬਾਵਾ ਲਾਲ ਦੇ 671ਵੇਂ ਪਾਵਨ ਜਨਮ ਦਿਵਸ ਨੂੰ ਸਮਰਪਿਤ 11 ਜਨਵਰੀ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਕਮਲਜੋਤ ਸਿੰਘ ਉਦੋਵਾਲੀ ਨੇ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਜੀ ਦੇ ਸਮਕਾਲੀ ਬਾਬਾ ਮਹਿਮਾ ਸਾਹਿਬ ਨੂੰ ਸਮਰਪਿਤ ਮਹਿਮੇਚੱਕ ਤੋਂ ਸਜਾਇਆ ਜਾ ਰਿਹਾ ਪਾਵਨ ਨਗਰ ਕੀਰਤਨ ਜਦ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪਿੰਡ ਰਾਏਮਲ ਪਹੁੰਚੇਗਾ ਤਾਂ ਇਲਾਕੇ ਦੀਆਂ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਨਿੱਘਾ ਸਵਾਗਤ ਕੀਤਾ ਜਾਵੇਗਾ | ਇਸੇ ਤਰ੍ਹਾਂ ਸ੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਜਦ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਰਾਏਮਲ ਪੁਲ 'ਤੇ ਪਹੁੰਚੇਗੀ ਤਾਂ ਉਸ ਦਾ ਵੀ ਨਿੱਘਾ ਸਵਾਗਤ ਕੀਤਾ ਜਾਵੇਗਾ | ਸਵਾਗਤ ਕਰਨ ਲਈ ਸਾਰੇ ਲੋੜੀਂਦੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਇਲਾਕੇ ਦੇ ਸ਼ਰਧਾਲੂਆਂ, ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਚਾਹ-ਪਾਣੀ ਤੇ ਬੇਅੰਤ ਪ੍ਰਕਾਰ ਦੇ ਲੰਗਰ ਛਕਾਏ ਜਾਣਗੇ | ਸੇਵਾਂ ਲਈ ਸਾਰੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ |