ਬਟਾਲਾ, 31 ਦਸੰਬਰ (ਸਤਿੰਦਰ ਸਿੰਘ)- ਸਥਾਨਕ ਗਾਂਧੀ ਚੌਕ ਦੀ ਆਵਾਜਾਈ ਸਮੱਸਿਆ ਦੇ ਹੱਲ ਲਈ ਸੜਕਾਂ ਨੂੰ ਖੁੱਲ੍ਹਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪ੍ਰਸ਼ਾਸਨ ਵਲੋਂ ਟਰੈਫਿਕ ਦਫ਼ਤਰ ਦੇ ਨਜ਼ਦੀਕ ਲੱਗੇ ਖੋਖਾਨੁੰਮਾ ਦੁਕਾਨਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ | ਇਸ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਦੁਕਾਨਾਂ ਹਟਾਉਣ ਨਾਲ ਸਾਡਾ ਕਾਰੋਬਾਰ ਖ਼ਤਮ ਹੁੰਦਾ ਹੈ | ਉਨ੍ਹਾਂ ਨੇ ਆਪਣਾ ਪਰਿਵਾਰ ਪਾਲਣਾ ਹੈ, ਪ੍ਰਸ਼ਾਸਨ ਨੇ ਸਾਨੂੰ ਖੋਖੇ ਹਟਾਉਣ ਲਈ ਕਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਪਹਿਲਾਂ ਨਿਸ਼ਾਨਦੇਹੀ ਕਰਵਾ ਕਰ ਕੇ ਸਾਨੂੰ ਦੁਕਾਨਾਂ ਮੁਹੱਈਆ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸੰਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੱੁਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜਿਸ ਕਰ ਕੇ ਸਾਨੂੰ ਆਪਣੀ ਰੋਜ਼ੀ-ਰੋਟੀ ਖੱੁਸ ਜਾਣ ਦਾ ਡਰ ਸਤਾ ਰਿਹਾ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਤ ਸਿੰਘ ਹੀਰਾ ਵਾਲੀਆ ਨੇ ਦੁਕਾਨਾਦਾਰਾਂ ਦੇ ਸਮਰਥਨ 'ਚ ਆਉਂਦਿਆਂ ਕਿਹਾ ਕਿ ਸ਼ਹਿਰ ਦੀ ਆਵਾਜਾਈ ਸਮੱਸਿਆ ਹੱਲ ਹੋਣੀ ਚਾਹੀਦੀ ਹੈ ਪਰ ਇਨ੍ਹਾਂ ਦੁਕਾਨਦਾਰਾਂ ਦਾ ਵੀ ਰੋਜ਼ਗਾਰ ਨਹੀਂ ਖੋਹਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਖੋਖਾਨੁੰਮਾ ਦੁਕਾਨਾਂ ਹਟਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਦੁਬਾਰਾ ਖੋਖੇ ਲਾਉਣ ਲਈ ਜਗ੍ਹਾ ਮੁਹੱਈਆ ਕਰਵਾਏ |