ਗੁਰਦਾਸਪੁਰ, 31 ਦਸੰਬਰ (ਚੱਕਰਾਜਾ)- ਕਰੀਬ ਚਾਰ ਸਾਲ ਦੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਜੋ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ, ਉਹ ਕਿਸੇ ਬਹੁਪੱਖੀ ਵਿਕਾਸ ਕਾਰਜਾਂ ਦਾ ਸੁਧਾਰ ਜਾਂ ਕੋਈ ਵੱਡੀ ਰਾਹਤ ਦੇ ਰੂਪ ਵਿਚ ਨਾ ਹੋ ਕੇ ਸਰਕਾਰ ਦੀਆਂ ਨਾਕਾਮੀਆਂ ਤੇ ਝੂਠ ਪ੍ਰਚਾਰ ਦਾ ਪ੍ਰਤੀਕ ਹੀ ਸਿੱਧ ਹੋਇਆ ਹੈ | ਇਹ ਪ੍ਰਗਟਾਵਾ ਸੂਬੇ ਦੀ ਜਥੇਬੰਦੀ ਇੰਜੀਨੀਅਰਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ: ਸੁਖਵਿੰਦਰ ਸਿੰਘ ਬਾਂਗੋਵਾਣੀ ਤੇ ਸੂਬਾ ਜਨਰਲ ਸਕੱਤਰ ਇੰਜ: ਰਣਜੀਤ ਸਿੰਘ ਧਾਲੀਵਾਲ ਵਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਦੇ ਕਿਸਾਨ, ਮਜ਼ਦੂਰ, ਵਪਾਰੀ, ਨੌਜਵਾਨ, ਮੁਲਾਜ਼ਮ ਤੇ ਪੈਨਸ਼ਨਰਾਂ ਨਾਲ ਸਿਰਫ਼ ਧੋਖਾ ਹੀ ਕੀਤਾ ਹੈ | ਕੋਈ ਨਵੇਂ ਵਿਕਾਸ ਕਾਰਜ ਸਵਾਏ ਨੀਂਹ ਪੱਥਰ ਰੱਖਣ ਦੇ ਕਿਧਰੇ ਵੀ ਮੁਕੰਮਲ ਕੀਤੇ ਦਿਖਾਈ ਦੇ ਰਹੇ ਹਨ | ਸਭ ਤੋਂ ਵੱਡਾ ਧੋਖਾ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤਾ ਹੈ | ਦੋਨਾਂ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਤਨਖ਼ਾਹਾਂ ਦੇ ਹਿੱਸੇ ਕੱਟ ਕੇ ਆਪਣੀ ਵਾਹ-ਵਾਹ ਲਈ ਵੱਡੇ ਪੱਧਰ 'ਤੇ ਇਸ਼ਤਿਹਾਰਬਾਜ਼ੀ 'ਚ ਹੀ ਨਹੀਂ ਖ਼ਰਚ ਕਰ ਰਹੀ ਬਲਕਿ ਫ਼੍ਰੀ ਬਿਜਲੀ ਦੇਣ ਲਈ ਵੀ ਖ਼ਰਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਫ਼ੇਲ੍ਹ ਨਜ਼ਰ ਆ ਰਿਹਾ ਹੈ | ਆਗੂਆਂ ਨੇ ਕਿਹਾ ਕਿ 2027 ਦੀਆਂ ਚੋਣਾਂ 'ਚ ਪੰਜਾਬ ਦਾ ਹਰ ਸਮਝਦਾਰ ਵੋਟਰ ਫੋਕੇ ਲਾਰਿਆਂ ਤੇ ਕਰਜ਼ਾ ਚੁੱਕ ਸਰਕਾਰ ਨੂੰ ਗੱਲੋਂ ਲਾਹੁਣ ਦੀ ਤਿਆਰੀ ਕਰ ਲਵੇ ਨਹੀਂ ਤਾਂ ਬਦਤਰ ਹਾਲਾਤ ਦਾ ਸਾਹਮਣਾ ਕਰਨ ਦੀਆਂ ਸੰਭਾਵਨਾਵਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ | ਆਗੂਆਂ ਨੇ ਅਪੀਲ ਕੀਤੀ ਕਿ ਸਮੂਹ ਮੁਲਾਜ਼ਮ, ਪੈਨਸ਼ਨਰਜ਼, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਤੇ ਇਸ ਨਿਕੰਮੀ ਸਰਕਾਰ ਨੂੰ ਸਬਕ ਸਿਖਾਉਣ ਲਈ ਵੱਡੇ ਸੰਘਰਸ਼ ਦੀਆਂ ਤਿਆਰੀਆਂ ਖਿੱਚ ਲੈਣ |