ਗੁਰਦਾਸਪੁਰ, 2 ਜਨਵਰੀ (ਅਸ਼ੋਕ ਸ਼ਰਮਾ)-ਪਾਵਰਕਾਮ ਵਲੋਂ ਸਵੇਰੇ ਸ਼ਾਮ ਬਿਜਲੀ ਦੇ ਅਣਐਲਾਨੇ ਕੱਟ ਲਗਾਉਣ ਨਾਲ ਦਿਹਾਤੀ ਖੇਤਰ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਬਿਜਲੀ ਦੇ ਕੱਟ ਇਕ ਤੋਂ ਦੋ ਘੰਟੇ ਤੱਕ ਲੱਗਣ ਕਰਕੇ ਲੋਕ ਆਪਣੇ ਕੰਮਕਾਰਾਂ ਤੋਂ ਵਾਂਝੇ ਹੋ ਜਾਂਦੇ ਹਨ | ਇਸ ਸਬੰਧੀ ਖਪਤਕਾਰਾਂ ਨੇ ਦੱਸਿਆ ਕਿ ਸਵੇਰੇ ਸ਼ਾਮ ਲੋਕਾਂ ਨੇ ਕੰਮਕਾਜ ਕਰਨੇ ਹੁੰਦੇ ਹਨ | ਪਰ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਦੇ ਕੰਮ ਅੱਧ ਵਿਚਾਲੇ ਲਟਕ ਜਾਂਦੇ ਹਨ | ਹੋਰ ਤੇ ਹੋਰ ਵਿਦਿਆਰਥੀਆਂ ਨੰੂ ਪੜ੍ਹਾਈ ਕਰਨ 'ਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ ਤੇ ਇਨ੍ਹਾਂ ਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਹੈ, ਜਿਸ ਕਾਰਨ ਛੋਟੇ ਉਦਯੋਗਾਂ 'ਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ | ਉਨ੍ਹਾਂ ਪਾਵਰਕਾਮ ਦੇ ਚੇਅਰਮੈਨ ਪਟਿਆਲਾ ਪਾਸੋਂ ਮੰਗ ਕੀਤੀ ਕਿ ਬਿਜਲੀ ਕੱਟਾਂ ਵਿਚ ਸੁਧਾਰ ਲਿਆਉਣ ਲਈ ਐਸ.ਈ ਗੁਰਦਾਸਪੁਰ ਨੰੂ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ |