ਬਟਾਲਾ, 3 ਜਨਵਰੀ (ਹਰਦੇਵ ਸਿੰਘ ਸੰਧੂ)-ਬਟਾਲਾ ਸ਼ਹਿਰ ਅੰਦਰ ਅਕਸਰ ਹੀ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ ਅਤੇ ਅੱਜ ਸਰਬੰਸਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਤਿ ਬਟਾਲਾ 'ਚ ਸਜਾਏ ਜਾ ਰਹੇ ਨਗਰ ਕੀਰਤਨ ਸਮੇਂ ਮੀਆਂ ਮੁਹੱਲੇ ਚੌਕ 'ਚ ਬਦਬੂ ਮਾਰਦਾ ਕੂੜੇ ਦਾ ਵੱਡਾ ਢੇਰ ਦੇਖਣ ਨੂੰ ਮਿਲਿਆ | ਇਸ ਗੰਦੇ ਕੂੜੇ ਨਾਲ ਸਾਰਾ ਰਸਤਾ ਬੰਦ ਸੀ, ਉਥੋਂ ਲੰਘਣਾ ਬਹੁਤ ਮੁਸ਼ਕਲ ਸੀ, ਜਦ ਨਗਰ ਕੀਰਤਨ ਉਸ ਜਗ੍ਹਾ ਪਹੁੰਚਿਆ ਤਾਂ ਇਹ ਕੂੜਾ ਦੇਖ ਕੇ ਸ਼ਹਿਰ ਵਾਸੀਆਂ ਤੇ ਸੰਗਤ ਵਿਚ ਨਗਰ ਨਿਗਮ ਬਟਾਲਾ ਲਈ ਭਾਰੀ ਰੋਸ ਦੇਖਣ ਨੂੰ ਮਿਲਿਆ | ਨਗਰ ਕੀਰਤਨ 'ਚ ਸ਼ਾਮਲ ਪਤਵੰਤੇ ਸੱਜਣਾਂ ਤੇ ਸ਼ਹਿਰ ਵਾਸੀਆਂ ਨੇ ਕੂੜਾ ਆਪਣੇ ਹੱਥਾਂ ਨਾਲ ਚੁੱਕ ਕੇ ਰਸਤਾ ਸਾਫ਼ ਕੀਤਾ ਤੇ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ | ਇਸ ਬਾਰੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਤੇ ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਦੱਸਿਆ ਕਿ ਅਸੀਂ ਨਗਰ ਕੀਰਤਨ ਸਬੰਧੀ ਪ੍ਰਸ਼ਾਸਨ ਨੂੰ ਪਹਿਲਾਂ ਮਿਲ ਕੇ ਸ਼ਹਿਰ ਦੀ ਸਾਫ਼-ਸਫ਼ਾਈ ਲਈ ਬੇਨਤੀ ਕੀਤੀ ਸੀ, ਪਰ ਫਿਰ ਵੀ ਪ੍ਰਸ਼ਾਸਨ ਨਹੀਂ ਜਾਗਿਆ | ਇਸ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅਕਾਲੀ ਆਗੂ ਪਲਵਿੰਦਰ ਸਿੰਘ ਲੰਬੜਦਾਰ ਤੇ ਸਮਸ਼ੇਰ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਵੀ ਧਰਮ ਨਾਲ ਸਬੰਧਤ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਹੋਵੇ ਪ੍ਰਸ਼ਾਸਨ ਨੂੰ ਸ਼ਹਿਰ ਦੀ ਸਫ਼ਾਈ ਵੱਲ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਉਕਤ ਆਗੂਆਂ ਨੇ ਕਿਹਾ ਕਿ ਲਿੱਪਾਪੋਚੀ ਕਰਨ ਦਾ ਕੋਈ ਫਾਇਦਾ ਨਹੀਂ |