ਧਿਆਨਪੁਰ, 4 ਜਨਵਰੀ (ਕੁਲਦੀਪ ਸਿੰਘ ਸੋਨੂੰ)-ਪੰਜਾਬ 'ਚ ਦਿਨੋਂ-ਦਿਨ ਨੌਜਵਾਨਾਂ ਵਿਚ ਵਧ ਰਿਹਾ ਚਾਇਨਾ ਡੋਰ ਦਾ ਰੁਝਾਨ ਲੋਕਾਂ ਦੀ ਜਾਨ ਲਈ ਵੱਡਾ ਖਤਰਾ ਬਣੀ ਜਾ ਰਿਹਾ ਹੈ, ਆਏ ਦਿਨ ਚਾਇਨਾ ਡੋਰ ਨਾਲ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਜਾਂ ਰਹੀਆਂ ਹਨ, ਜਿਸ ਕਰਕੇ ਚਾਇਨਾ ਡੋਰ ਮਨੁੱਖਾਂ ਤੇ ਪੰਛੀਆਂ ਲਈ ਬਹੁਤ ਘਾਤਕ ਹੈ | ਇਸ ਲਈ ਚਾਇਨਾ ਡੋਰ ਨਾਲ ਹੋ ਰਹੇ ਵੱਡੇ ਨੁਕਸਾਨਾਂ ਬਾਰੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਪੰਚ ਕੇ.ਪੀ. ਸ਼ਾਹਸਮਸ ਨੇ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨ ਪੀੜੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਚਾਇਨਾ ਡੋਰ ਦੇ ਨਾਲ ਅਣਗਿਣਤ ਹੀ ਗਲਾ ਕੱਟਣ ਦੀਆਂ ਦਰਦਨਾਕ ਘਟਨਾਵਾਂ, ਮੋਟਰਸਾਈਕਲ, ਸਕੂਟਰ ਸਵਾਰ ਤੇ ਪੈਦਲ ਜਾਣ ਵਾਲੇ ਆਮ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਤੋਂ ਇਲਾਵਾ ਅਣਗਿਣਤ ਹੀ ਪੰਛੀਆਂ ਦੀਆਂ ਮੌਤਾਂ ਕਾਰਨ ਇਨਸਾਨੀਅਤ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ | ਸਰਪੰਚ ਕੇ.ਪੀ. ਸ਼ਾਹਸਮਸ ਨੇ ਦੱਸਿਆ ਕਿ ਭਾਵੇਂ ਚਾਇਨਾ ਡੋਰ ਦੀ ਵਿਕਰੀ ਤੇ ਇਸ ਨੂੰ ਰੱਖਣ 'ਤੇ ਪੂਰਨ ਤੌਰ 'ਤੇ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਕੁਝ ਵਪਾਰੀ ਚੁੱਪ-ਚਾਪ ਇਸ ਦੀ ਵਿਕਰੀ ਕਰ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ | ਉਨ੍ਹਾਂ ਸਮੁੱਚੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚਾਈਨਾ ਡੋਰ ਦੇ ਗਲਤ ਪ੍ਰਭਾਵ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਤੇ ਉਨ੍ਹਾਂ ਨੂੰ ਸਖਤੀ ਨਾਲ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ |