ਗੁਰਦਾਸਪੁਰ, 4 ਜਨਵਰੀ (ਚੱਕਰਾਜਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਬੀ.ਸੀ ਵਿੰਗ ਦੇ ਸੰਯੁਕਤ ਸਕੱਤਰ ਤੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਵਾਇਸ ਕੋਆਰਡੀਨੇਟਰ ਪਵਨ ਕੁਮਾਰ ਨੇ ਇਲਾਕੇ ਦੇ ਵਸਨੀਕਾਂ ਦੇ ਸਹਿਯੋਗ ਨਾਲ ਪ੍ਰੇਮ ਨਗਰ ਵਿਖੇ ਦੁੱਧ ਦਾ ਲੰਗਰ ਲਗਾਇਆ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੇ ਦਿਲ 'ਚ ਸੰਕਲਪ ਲਿਆ ਸੀ ਕਿ ਕੁਝ ਵੀ ਹੋਵੇ, ਉਹ ਇਨ੍ਹਾਂ ਮਾਸੂਮ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਭੁੱਖ ਤੇ ਪਿਆਸ ਮਿਟਾਉਣ ਦੀ ਕੋਸ਼ਿਸ਼ ਕਰਨਗੇ | ਬਾਬਾ ਮੋਤੀ ਰਾਮ ਮਹਿਰਾ ਜੀ ਨੇ ਹਿੰਮਤ ਤੇ ਧਾਰਮਿਕਤਾ ਦਾ ਰਸਤਾ ਚੁਣਿਆ, ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸੇਵਾ ਲਈ ਹਰ ਰੋਜ਼ ਧਿਆਨ ਨਾਲ ਦੁੱਧ ਸਰਹਿੰਦ ਕਿਲ੍ਹੇ ਤੱਕ ਲੈ ਜਾਂਦੇ ਸਨ | ਹਾਲਾਂਕਿ ਬਾਬਾ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਬਾਅਦ ਵਿਚ ਬੇਰਹਿਮੀ ਨਾਲ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ | ਪਵਨ ਕੁਮਾਰ ਨੇ ਕਿਹਾ ਕਿ ਹਰ ਸਾਲ ਆਂਢ-ਗੁਆਂਢ ਦੇ ਵਸਨੀਕਾਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਦੁੱਧ ਦਾ ਲੰਗਰ ਲਗਾਉਂਦੇ ਹਨ | ਇਸ ਮੌਕੇ ਨੀਰਜ ਸਲਹੋਤਰਾ ਰੋਬਿਨ, ਗਗਨਦੀਪ, ਹਰਪ੍ਰੀਤ, ਸੁਗਰੀਵ, ਮੋਨਿਤ, ਹਰਦਿਆਲ ਸਿੰਘ, ਸੁਨੀਤਾ, ਆਸ਼ੂ, ਪੂਜਾ ਦੇਵੀ, ਸੋਨੂੰ, ਰਾਜਵੀਰ ਕੌਰ, ਰਣਜੀਤ ਕੌਰ, ਸਿਮਰਨ ਅਤੇ ਮੀਰਾ ਹਾਜ਼ਰ ਸਨ |