ਪਠਾਨਕੋਟ, 5 ਜਨਵਰੀ (ਸੰਧੂ)-ਆਲ ਪੰਜਾਬ ਕਰੈਸ਼ਰ ਐਸੋਸੀਏਸ਼ਨ ਦੀ ਮੀਟਿੰਗ ਚੰਡੀਗੜ੍ਹ ਵਿਚ ਹੋਈ, ਜਿਸ 'ਚ ਪੰਜਾਬ ਭਰ ਦੇ ਕਰੈਸ਼ਰ ਮਾਲਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਕਰੈਸ਼ਰ ਯੂਨੀਅਨ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਗਿਆ | ਮੇਜਰ ਬੀ.ਡੀ. ਗੁਪਤਾ ਨੂੰ ਸਰਬਸੰਮਤੀ ਨਾਲ ਚੇਅਰਮੈਨ, ਅਜਵਿੰਦਰ ਸਿੰਘ ਨੂੰ ਉਪ-ਚੇਅਰਮੈਨ, ਮਨਪ੍ਰੀਤ ਸਿੰਘ ਗਿੱਲ ਨੂੰ ਪ੍ਰਧਾਨ, ਬਲਵੀਰ ਸਿੰਘ ਨੂੰ ਸੀਨੀਅਰ ਉਪ-ਪ੍ਰਧਾਨ, ਮਨਪ੍ਰੀਤ ਸਿੰਘ ਨੂੰ ਉਪ-ਪ੍ਰਧਾਨ, ਲਕਸ਼ਮਣ ਨਈਅਰ (ਪਠਾਨਕੋਟ) ਨੂੰ ਜਨਰਲ ਸਕੱਤਰ, ਹਰਭਜਨ ਸਿੰਘ ਨੂੰ ਸੰਯੁਕਤ ਸਕੱਤਰ, ਚਿਮਨ ਲਾਲ ਨੂੰ ਖ਼ਜ਼ਾਨਚੀ, ਸੁਖਪਾਲ ਸਿੰਘ ਅਤੇ ਰਣਜੀਤ ਸਿੰਘ ਨੂੰ ਆਡੀਟਰ, ਸਰਬਜੀਤ ਸਿੰਘ ਨੂੰ ਬੁਲਾਰੇ, ਮਨਮੋਹਨ ਬਾਜਵਾ ਨੂੰ ਪ੍ਰੈਸ ਸਕੱਤਰ ਤੇ ਦਲਵੀਰ ਸਿੰਘ, ਮਨਜੀਤ ਸਿੰਘ, ਅਮਿਤ ਸ਼ਰਮਾ, ਮਾਣਿਕ ਪੁਰੀ, ਸੁਰਿੰਦਰ ਸਿੰਘ ਤੇ ਤਰੁਨ ਰਿਆਲ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ | ਮੀਟਿੰਗ ਵਿਚ ਪੰਜਾਬ ਵਿਚ ਕਰੈਸ਼ਰ ਉਦਯੋਗ ਦੀ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ ਗਈ | ਨਵ-ਨਿਯੁਕਤ ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਤੇ ਜਨਰਲ ਸਕੱਤਰ ਲਕਸ਼ਮਣ ਨਈਅਰ ਨੇ ਪੰਜਾਬ ਵਿਚ ਕਰੈਸ਼ਰ ਉਦਯੋਗ ਦੀ ਮੌਜੂਦਾ ਸਥਿਤੀ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਕਾਰੋਬਾਰ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕਰਨਾ ਸੀ | ਮੀਟਿੰਗ 'ਚ ਆਲ ਪੰਜਾਬ ਕਰੈਸ਼ਰ ਯੂਨੀਅਨ ਨੂੰ ਆਪਣੇ-ਆਪਣੇ ਜ਼ਿਲਿ੍ਹਆਂ 'ਚ ਮੈਂਬਰਸ਼ਿਪ ਵਧਾਉਣ ਅਤੇ ਮਜ਼ਬੂਤ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ ਗਈ | ਮੀਟਿੰਗ ਦੌਰਾਨ ਜਨਰਲ ਸਕੱਤਰ ਲਕਸ਼ਮਣ ਨਈਅਰ ਨੇ ਪਠਾਨਕੋਟ ਜ਼ਿਲ੍ਹੇ 'ਚ ਕਰੈਸ਼ਰ ਉਦਯੋਗ ਦੀ ਭਿਆਨਕ ਸਥਿਤੀ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਕਰੈਸ਼ਰ ਉਦਯੋਗ ਦਾ ਸਮਰਥਨ ਕਰਨਾ ਚਾਹੀਦਾ ਹੈ | ਪਠਾਨਕੋਟ ਤੋਂ ਕੁਝ ਕਿੱਲੋਮੀਟਰ ਦੂਰ ਸਥਿਤ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਕਰੈਸ਼ਰ, ਸਬਸਿਡੀਆਂ ਤੇ ਟੈਕਸ ਛੋਟਾਂ ਦਾ ਲਾਭ ਉਠਾ ਕੇ ਪੂਰੇ ਪੰਜਾਬ ਵਿਚ ਆਪਣੇ ਉਤਪਾਦਾਂ ਦੀ ਸਪਲਾਈ ਕਰ ਰਹੇ ਹਨ | ਜਨਰਲ ਸਕੱਤਰ ਨਈਅਰ ਨੇ ਕਿਹਾ ਕਿ ਇਹ ਸਮੱਸਿਆਵਾਂ ਕਰੈਸ਼ਰ ਉਦਯੋਗ ਨੂੰ ਤਬਾਹ ਕਰ ਰਹੀਆਂ ਹਨ | ਪੰਜਾਬ ਭਰ ਦੇ ਮੈਂਬਰਾਂ ਨੇ ਸਾਂਝਾ ਕੀਤਾ ਕਿ ਰੋਪੜ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਪਠਾਨਕੋਟ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ | ਪਠਾਨਕੋਟ ਬਹੇੜੀਆਂ ਕਰੈਸ਼ਰ ਯੂਨੀਅਨ ਦੇ ਮੌਜੂਦਾ ਪ੍ਰਧਾਨ ਤੇ ਨਵ-ਨਿਯੁਕਤ ਪੰਜਾਬ ਜਨਰਲ ਸਕੱਤਰ ਲਕਸ਼ਮਣ ਨਈਅਰ ਨੇ ਨਵੀਂ ਕਾਰਜਕਾਰਨੀ ਸਮੇਤ ਪੰਜਾਬ ਭਰ ਦੇ ਕਰੈਸ਼ਰ ਮਾਲਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ | ਪ੍ਰਧਾਨ ਮਨਪ੍ਰੀਤ ਸਿੰਘ ਅਤੇ ਜਨਰਲ ਸਕੱਤਰ ਲਕਸ਼ਮਣ ਨਈਅਰ ਨੇ ਕਿਹਾ ਕਿ ਕੋਈ ਵੀ ਸਮੱਸਿਆ ਇਕੱਲੇ ਹੱਲ ਨਹੀਂ ਹੋ ਸਕਦੀ, ਇਸ ਲਈ ਯੂਨੀਅਨ ਆਪਣੇ-ਆਪਣੇ ਜ਼ਿਲਿ੍ਹਆਂ ਵਿਚ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ |