ਊਧਨਵਾਲ, 6 ਜਨਵਰੀ (ਪਰਗਟ ਸਿੰਘ)-ਲੋਹੜੀ ਦੇ ਤਿਉਹਾਰ ਮੌਕੇ ਪਤੰਗ ਉਡਾਉਣ ਦੇ ਸ਼ੌਕੀਨ ਨਿੱਕੇ-ਵੱਡੇ ਸਾਰੇ ਚਾਇਨਾ ਡੋਰ ਦੇ ਗੱਟੂ ਖਰੀਦਣ ਲਈ ਮੁਨਿਆਰੀ ਤੇ ਪਿੰਡਾਂ ਵਿਚਲੀਆਂ ਕਰਿਆਨੇ ਦੀ ਦੁਕਾਨਾਂ ਵਾਲਿਆਂ ਨਾਲ ਸੰਪਰਕ ਬਣਾ ਕੇ ਇਹ ਡੋਰਾਂ ਦੇ ਗੱਟੂ ਖ਼ਰੀਦ ਰਹੇ ਹਨ | ਇਸ ਸਬੰਧੀ ਕੁੱਝ ਲੋਕਾਂ ਵਲੋਂ ਨਾਂਅ ਨਾ ਛਾਪਣ ਦੀ ਸੂਰਤ 'ਚ ਦੱਸਿਆ ਕਿ ਊਧਨਵਾਲ, ਖੁਜਾਲਾ, ਕੰਡੀਲਾ, ਹਰਪੁਰਾ, ਧੰਦੋਈ, ਥਰੀਏਵਾਲ, ਪੰਜਗਰਾਈਆਂ ਤੇ ਆਸ-ਪਾਸ ਦੇ ਪਿੰਡਾਂ ਵਿਚਲੇ ਦੁਕਾਨਾਂ ਵਾਲੇ ਪੁਲਿਸ ਪ੍ਰਸ਼ਾਸਨ ਦੇ ਨੱਕ ਹੇਠ ਧੜਾ-ਧੜ ਮਹਿੰਗੇ ਭਾਅ 'ਚ ਵੇਚ ਰਹੇ ਹਨ | ਖਰੀਦਣ ਦੇ ਸ਼ੌਕੀਨਾਂ ਨੇ ਇਨ੍ਹਾਂ ਦੁਕਾਨਦਾਰਾਂ ਤੋਂ ਖੂਨੀ ਡੋਰ ਖ਼ਰੀਦ ਕੇ ਆਪਣੀਆਂ ਛੱਤਾਂ 'ਤੇ ਪਤੰਗਾਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਭਾਵੇਂਕਿ ਇਸ ਖੂਨੀ ਡੋਰ ਦੀ ਪੂਰਨ ਤੌਰ 'ਤੇ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਇਹ ਹਰ ਘਰ 'ਚ ਪਹੁੰਚ ਚੁੱਕੀ ਹੈ | ਹਰ ਸਾਲ ਇਸ ਦੀ ਲਪੇਟ 'ਚ ਆ ਕੇ ਕਈ ਇਨਸਾਨਾਂ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ | ਮਾਪੇ ਵੀ ਆਪਣੇ ਬੱਚਿਆਂ ਦੀ ਜਿਦ ਨੂੰ ਪੁਗਾਉਣ ਲਈ ਮਹਿੰਗੇ ਭਾਅ ਦੀ ਖੂਨੀ ਡੋਰ ਨੂੰ ਖ਼ਰੀਦਣਾ ਆਪਣਾ ਫ਼ਰਜ਼ ਸਮਝ ਰਹੇ ਹਨ, ਜਿਸ ਕਰਕੇ ਇਨ੍ਹਾਂ ਦੁਕਾਨਦਾਰਾਂ ਦੀ ਚਾਂਦੀ ਬਣੀ ਹੈ | ਕੁਝ ਸਿਆਣੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਿਛੋਂ ਬੰਦ ਹੋਣੀ ਚਾਹੀਦੀ | ਪ੍ਰਸ਼ਾਸਨ ਇਹ ਦੁਹਾਈਆਂ ਦੇ ਰਿਹਾ ਹੈ ਜਿਹੜਾ ਇਹ ਡੋਰ ਵੇਚੇਗਾ, ਉਸ 'ਤੇ ਕਾਨੂੰਨੀ ਕਾਰਵਾਈ ਹੋਵੇਗੀ | ਪਾਬੰਦੀ ਦੇ ਬਾਵਜੂਦ ਕਾਨੂੰਨ ਨੂੰ ਛਿੱਕੇ ਟੰਗ ਕੇ ਇਹ ਦੁਕਾਨਦਾਰ ਖੁੱਲੇਆਮ ਵੇਚ ਰਹੇ ਹਨ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀ ਤਲਾਸ਼ੀ ਕਰਕੇ ਜਾਂ ਪਤੰਗਾਂ ਉਡਾਉਣ ਵਾਲਿਆਂ ਤੋਂ ਸਖ਼ਤੀ ਨਾਲ ਪੁਛਗਿੱਛ ਕਰਕੇ ਇਨ੍ਹਾਂ ਦੁਕਾਨਦਾਰਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਵਾਰ ਲੋਹੜੀ ਦੇ ਤਿਉਹਾਰ ਮੌਕੇ ਕੋਈ ਇਸ ਖੂਨੀ ਡੋਰ ਦਾ ਸ਼ਿਕਾਰ ਨਾ ਬਣ ਸਕੇ |